ਜਲੰਧਰ (ਖੁਰਾਣਾ)–ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਹਾਲ ਹੀ ਵਿਚ ਪੰਜਾਬ ਦੇ 5 ਨਗਰ ਨਿਗਮਾਂ ਦੀਆਂ ਚੋਣਾਂ ਮੁਕੰਮਲ ਹੋਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਸਿਰਫ਼ ਇਕ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਪ੍ਰਾਪਤ ਕਰ ਸਕੀ ਸੀ, ਜਿਸ ਕਾਰਨ ਬਾਕੀ 4 ਨਗਰ ਨਿਗਮਾਂ ਵਿਚ ਬਹੁਮਤ ਪ੍ਰਾਪਤ ਕਰਨ ਲਈ ਜੋੜ-ਤੋੜ ਅਤੇ ਚੁੱਕ-ਥੱਲ ਦਾ ਸਿਲਸਿਲਾ ਚੱਲਦਾ ਰਿਹਾ। ਜਲੰਧਰ ਵਿਚ ਆਜ਼ਾਦ ਅਤੇ ਵੱਖ-ਵੱਖ ਪਾਰਟੀਆਂ ਤੋਂ ਜਿੱਤੇ ਨਵ-ਨਿਯੁਕਤ 6 ਕੌਂਸਲਰਾਂ ਨੂੰ 'ਆਪ' ਵਿਚ ਸ਼ਾਮਲ ਕਰਕੇ ਬਹੁਮਤ ਦਾ ਅੰਕੜਾ ਜੁਟਾਇਆ ਜਾ ਚੁੱਕਾ ਹੈ ਪਰ ਫਿਰ ਵੀ ਪਾਰਟੀ ਲੀਡਰਸ਼ਿਪ ਜਲਦ ਮੇਅਰ ਦੀ ਚੋਣ ਕਰਨਾ ਚਾਹ ਰਹੀ ਹੈ ਤਾਂ ਕਿ ਸੁਲਝ ਚੁੱਕੇ ਸਿਆਸੀ ਹਾਲਾਤ ਵਿਗੜ ਨਾ ਜਾਣ।
ਸੱਤਾ ਧਿਰ ਦੇ ਨਿਰਦੇਸ਼ਾਂ ’ਤੇ ਪਹਿਲਾਂ ਪ੍ਰਸ਼ਾਸਨ ਨੇ 26 ਦਸੰਬਰ ਨੂੰ ਮੇਅਰ ਦੀ ਚੋਣ ਸਬੰਧੀ ਪ੍ਰੋਗਰਾਮ ਲਗਭਗ ਤੈਅ ਕਰ ਲਿਆ ਸੀ ਪਰ ਉਸ ਦੌਰਾਨ ਮੇਅਰ ਦਾ ਨਾਂ ਫਾਈਨਲ ਨਾ ਹੋਣ ਕਰਕੇ ਇਹ ਮੀਟਿੰਗ ਨਹੀਂ ਹੋ ਸਕੀ। ਪਤਾ ਲੱਗਾ ਹੈ ਕਿ ਹੁਣ ਪਾਰਟੀ ਲੀਡਰਸ਼ਿਪ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਲਗਭਗ ਫਾਈਨਲ ਕਰ ਲਏ ਹਨ, ਇਸ ਲਈ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ 30 ਦਸੰਬਰ ਨੂੰ ਬੁਲਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਧੁੰਦ ਨੂੰ ਲੈ ਕੇ ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਰੈੱਡ ਕਰਾਸ ਭਵਨ ਜਾਂ ਟਾਊਨ ਹਾਲ ਵਿਚ ਹੋਵੇਗੀ ਮੀਟਿੰਗ
ਜਲੰਧਰ ਨਗਰ ਨਿਗਮ ਦੀ ਮੇਨ ਬਿਲਡਿੰਗ ਵਿਚ ਟਾਊਨ ਹਾਲ ਬਣਿਆ ਹੋਇਆ ਹੈ, ਜਿੱਥੇ ਅਕਸਰ ਕੌਂਸਲਰ ਹਾਊਸ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਹਨ ਪਰ ਇਹ ਟਾਊਨ ਹਾਲ ਕਾਫ਼ੀ ਤੰਗ ਅਤੇ ਛੋਟਾ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਹੁਣ ਨਵੇਂ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਰੈੱਡ ਕਰਾਸ ਭਵਨ ਵਿਚ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਅਤੇ ਉਸ ਤੋਂ ਬਾਅਦ ਵਧੇਰੇ ਮੀਟਿੰਗਾਂ ਰੈੱਡ ਕਰਾਸ ਭਵਨ ਵਿਚ ਹੀ ਬੁਲਾਈਆਂ ਗਈਆਂ, ਜੋ ਕਾਫ਼ੀ ਸੁਵਿਧਾਜਨਕ ਰਹੀਆਂ। ਨਗਰ ਨਿਗਮ ਦੇ ਸਬੰਧਤ ਅਧਿਕਾਰੀ ਰੈੱਡ ਕਰਾਸ ਭਵਨ ਜਾ ਕੇ ਮੌਕਾ ਦੇਖ ਆਏ ਹਨ ਅਤੇ ਉਥੇ ਸਾਫ਼-ਸਫ਼ਾਈ ਦਾ ਕੰਮ ਵੀ ਆਰੰਭ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਲਗਾਤਾਰ ਦੋ ਛੁੱਟੀਆਂ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਨਵੇਂ ਮੇਅਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਚਲਾਉਣਾ ਹੋਵੇਗਾ ਨਿਗਮ
ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਸੱਤਾ ਧਿਰ ਵੱਲੋਂ ਮੇਅਰ ਆਦਿ ਦੀ ਚੋਣ ਵੇਖਣ ਵਿਚ ਤਾਂ ਇਕ ਆਸਾਨ ਜਿਹੀ ਪ੍ਰਕਿਰਿਆ ਲੱਗਦੀ ਹੈ ਪਰ ਅਸਲ ਵਿਚ ਇਹ ਸਬੰਧਤ ਸਿਆਸੀ ਪਾਰਟੀ ਲਈ ਕਾਫ਼ੀ ਚੁਣੌਤੀਪੂਰਨ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿਸ ਸ਼ਖਸ ਨੂੰ ਵੀ ਸ਼ਹਿਰ ਦਾ ਮੇਅਰ ਬਣਾਇਆ ਜਾਵੇਗਾ, ਉਸ ਦੇ ਸਾਹਮਣੇ ਇਕ ਨਹੀਂ, ਸਗੋਂ ਅਨੇਕ ਚੈਲੇਂਜ ਹੋਣਗੇ। ਨਵੇਂ ਮੇਅਰ ਅਤੇ ਨਵੇਂ ਕੌਂਸਲਰ ਹਾਊਸ ਨੂੰ 2027 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਸਾਹਮਣੇ ਰੱਖ ਕੇ ਕੰਮ ਕਰਨਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ 2027 ਵਿਚ ਕਿਸੇ ਵੀ ਸਿਆਸੀ ਪਾਰਟੀ ਦੀ ਜਿੱਤ ਉਸ ਦੀ ਨਗਰ ਨਿਗਮ ਦੀ 2 ਸਾਲ ਦੀ ਕਾਰਗੁਜ਼ਾਰੀ ’ਤੇ ਨਿਰਭਰ ਕਰੇਗੀ। ਅਜਿਹੀ ਹਾਲਤ ਵਿਚ ਨਵੇਂ ਚੁਣ ਕੇ ਆਉਣ ਵਾਲੇ ਮੇਅਰ ਨੂੰ ਫੂਕ-ਫੂਕ ਕੇ ਕਦਮ ਰੱਖਣਾ ਹੋਵੇਗਾ।
ਵਿਗੜੇ ਹੋਏ ਸਿਸਟਮ ਵਾਲੇ ਨਿਗਮ ਨੂੰ ਚਲਾਉਣਾ ਵੀ ਆਸਾਨ ਕੰਮ ਨਹੀਂ
ਜਲੰਧਰ ਨਗਰ ਨਿਗਮ ਵਿਚ ਯੂਨੀਅਨਾਂ ਨਾਲ ਸਬੰਧਤ ਆਗੂ ਪਿਛਲੇ ਲੰਮੇ ਸਮੇਂ ਤੋਂ ਸਫ਼ਾਈ ਕਰਮਚਾਰੀਆਂ ਦੀ ਪੱਕੀ ਭਰਤੀ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਉਸ ’ਤੇ ਫ਼ੈਸਲਾ ਨਹੀਂ ਲੈ ਪਾ ਰਹੀ। ਆਉਣ ਵਾਲੇ ਸਮੇਂ ਵਿਚ ਇਸ ਮੰਗ ਨੂੰ ਲੈ ਕੇ ਵੀ ਰੋਸ ਪੈਦਾ ਹੋ ਸਕਦਾ ਹੈ ਅਤੇ ਜੇਕਰ ਇਨ੍ਹਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਨਿਗਮ ਨੂੰ ਚਲਾਉਣ ਵਿਚ ਕਈ ਮੁਸ਼ਕਿਲਾਂ ਆਉਣਗੀਆਂ। ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਵੀ ਲਗਾਤਾਰ ਵਿਗੜਦੀ ਚਲੀ ਜਾ ਰਹੀ ਹੈ, ਜਿਸ ਕਾਰਨ ਕਈ ਡੰਪ ਸਥਾਨਾਂ ਨੂੰ ਲੈ ਕੇ ਜਨ-ਅੰਦੋਲਨ ਤਕ ਹੋ ਰਹੇ ਹਨ। ਜਲੰਧਰ ਵਿਚ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟਾਂ ਵਿਚ ਪਿਛਲੇ ਸਮੇਂ ਦੌਰਾਨ ਭਾਰੀ ਗੜਬੜੀ ਹੋਈ ਅਤੇ ਅਜੇ ਵੀ ਕਈ ਪ੍ਰਾਜੈਕਟ ਘਿਸੜ-ਘਿਸੜ ਕੇ ਚੱਲ ਰਹੇ ਹਨ। ਅਜਿਹੀ ਹਾਲਤ ਵਿਚ ਸਮਾਰਟ ਸਿਟੀ ਦੇ ਕੰਮ ਚਲਾਉਣ ਵਿਚ ਨਵੇਂ ਮੇਅਰ ਅਤੇ ਨਵੇਂ ਹਾਊਸ ਨੂੰ ਕਾਫ਼ੀ ਮਿਹਨਤ ਕਰਨੀ ਹੋਵੇਗੀ। ਬਾਇਓ-ਮਾਈਨਿੰਗ ਪ੍ਰਾਜੈਕਟ ਅਤੇ ਬਰਲਟਨ ਪਾਰਕ ਸਪੋਰਟਸ ਹੱਬ ਵਰਗੇ ਪ੍ਰਾਜੈਕਟ ਕਈ ਵਾਰ ਬੰਦ ਹੋਏ ਅਤੇ ਕਈ ਵਾਰ ਚਾਲੂ। ਅਜਿਹੀ ਹਾਲਤ ਵਿਚ ਉਨ੍ਹਾਂ ਵੱਲ ਪੂਰਾ ਧਿਆਨ ਕੇਂਦਰਿਤ ਕਰਨਾ ਹੋਵੇਗਾ। ਸਮਾਰਟ ਸਿਟੀ ਦੇ ਵਧੇਰੇ ਕੰਮ ਜਿਸ ਤਰ੍ਹਾਂ ਸਰਕਾਰ ਅਤੇ ਲੋਕਾਂ ਦੀਆਂ ਅੱਖਾਂ ਵਿਚ ਰੜਕ ਰਹੇ ਹਨ, ਅਜਿਹੀ ਹਾਲਤ ਵਿਚ ਸਮਾਰਟ ਸਿਟੀ ਕੰਪਨੀ ਦੇ ਅਕਸ ਨੂੰ ਸੁਧਾਰਨਾ ਵੀ ਇਕ ਚੈਲੇਂਜ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਮਜ਼ਦੂਰ ਦੀ ਦਰਦਨਾਕ ਮੌਤ
ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਬੰਦ ਸੀਵਰੇਜ ਅਤੇ ਗੰਦੇ ਪਾਣੀ ਦੀ ਸਪਲਾਈ ਹੋਣ ਦੀ ਸਮੱਸਿਆ ਝੱਲ ਰਿਹਾ ਹੈ ਪਰ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਇਸ ਪਾਸੇ ਬਿਲਕੁਲ ਹੀ ਧਿਆਨ ਨਹੀਂ ਦੇ ਰਹੇ। ਇਸ ਕਾਰਨ ਨਗਰ ਨਿਗਮ ਵਿਚ ਅਕਸਰ ਧਰਨਾ-ਪ੍ਰਦਰਸ਼ਨ ਹੁੰਦੇ ਰਹਿੰਦੇ ਹਨ ਅਤੇ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ ਪਰ ਇਸਦੇ ਬਾਵਜੂਦ ਇਹ ਸਮੱਸਿਆ ਆਊਟ ਆਫ਼ ਕੰਟਰੋਲ ਹੁੰਦੀ ਜਾ ਰਹੀ ਹੈ। ਨਗਰ ਨਿਗਮ ਦੇ ਨਵੇਂ ਮੇਅਰ ਅਤੇ ਨਵੇਂ ਹਾਊਸ ਨੂੰ ਇਸ ਵਿਭਾਗ ਦੀ ਕਾਰਜਪ੍ਰਣਾਲੀ ਨੂੰ ਸੁਧਾਰਨਾ ਹੋਵੇਗਾ, ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਧਿਰ ਦੇ ਉਮੀਦਵਾਰਾਂ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਚੜ੍ਹਦੀ ਸਵੇਰ ਹੋ ਗਿਆ ਵੱਡਾ ਐਨਕਾਊਂਟਰ, ਪੁਲਸ ਤੇ ਭਗਵਾਨਪੁਰੀਆ ਗੈਂਗ 'ਚ ਚੱਲੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਖਜਿੰਦਰ ਸਿੰਘ ਰੰਧਾਵਾ ਨੇ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
NEXT STORY