ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) - ਦਿਵਿਆਂਗ (ਅਪੰਗ ਅਤੇ ਮਾਨਸਿਕ ਤੌਰ 'ਤੇ ਪਿੱਛੜੇ) ਵਿਅਕਤੀਆਂ ਦੀ ਭਲਾਈ ਲਈ ਬਣੇ 'ਰਾਈਟਸ ਆਫ਼ ਪਰਸਨਜ਼ ਵਿਦ ਡਿਸਏਬਿਲਟੀ ਐਕਟ 2016' ਰਾਹੀਂ ਸਰਕਾਰ ਵੱਲੋਂ ਇਸ ਸ਼੍ਰੇਣੀ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਨਵਾਂਸ਼ਹਿਰ ਵਿਚ ਪੰਜ ਜਨਤਕ ਥਾਵਾਂ 'ਤੇ ਜਾਗਰੂਕਤਾ ਫਲੈਕਸ ਲਾਏ ਗਏ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਜਾਗਰੂਕਤਾ ਫਲੈਕਸ ਡੀ.ਸੀ. ਦਫ਼ਤਰ, ਸਿਵਲ ਹਸਪਤਾਲ ਨਵਾਂਸ਼ਹਿਰ, ਰੇਲਵੇ ਸਟੇਸ਼ਨ ਨਵਾਂਸ਼ਹਿਰ, ਬੱਸ ਸਟੈਂਡ ਨਵਾਂਸ਼ਹਿਰ ਅਤੇ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਵਿਖੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਐਕਟ ਤਹਿਤ 6 ਤੋਂ 18 ਸਾਲ ਦੇ ਦਿਵਿਆਂਗ ਬੱਚਿਆਂ ਨੂੰ ਸਰਕਾਰੀ ਸਕੂਲ ਜਾਂ ਸਪੈਸ਼ਲ ਸਕੂਲਾਂ ਵਿਚ ਬਿਨਾਂ ਭੇਦਭਾਵ ਤੋਂ ਦਾਖਲਾ ਅਤੇ ਮੁਫ਼ਤ ਸਿੱਖਿਆ ਦਾ ਅਧਿਕਾਰ ਹੈ। ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਦਿਵਿਆਂਗ ਬੱਚਿਆਂ ਲਈ 5 ਫ਼ੀਸਦੀ ਸੀਟਾਂ ਅਤੇ ਦਾਖਲੇ ਲਈ ਉਪਰਲੀ ਉਮਰ ਸੀਮਾ ਵਿਚ 5 ਸਾਲ ਦੀ ਛੋਟ ਹੈ।
ਇਸ ਤੋਂ ਇਲਾਵਾ ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਵਿਚ ਬਿਨਾਂ ਭੇਦਭਾਵ ਤੋਂ ਭਾਗ ਲੈਣ ਦੀ ਸੁਵਿਧਾ, ਲੋੜ ਅਨੁਸਾਰ ਸਫ਼ਰ ਸਹੂਲਤਾਂ ਤੇ ਰਿਹਾਇਸ਼, ਦੇਖਣ ਤੋਂ ਅਸਮਰੱਥ ਨੂੰ 100 ਫ਼ੀਸਦੀ ਸਫ਼ਰ ਕਿਰਾਏ ਅਤੇ ਬਾਕੀਆਂ ਨੂੰ 50 ਫ਼ੀਸਦੀ ਸਫ਼ਰ ਕਿਰਾਏ ਦੀ ਛੋਟ ਹੈ। ਇਸੇ ਤਰ੍ਹਾਂ ਸੁਣਨ, ਬੋਲਣ ਜਾਂ ਦੇਖਣ ਤੋਂ ਅਸਮਰੱਥ ਵਿਦਿਆਰਥੀਆਂ ਨੂੰ ਉਚਿਤ ਭਾਸ਼ਾ ਅਤੇ ਸੰਚਾਰ ਦੇ ਸਹੀ ਮਾਧਿਅਮ ਰਾਹੀਂ ਪੜ੍ਹਾਉਣ, 18 ਸਾਲ ਦੀ ਉਮਰ ਤੱਕ ਪੜ੍ਹਾਈ ਲਈ ਮੁਫ਼ਤ ਲਿਖਣ ਸਮੱਗਰੀ, ਵਿਸ਼ੇਸ਼ ਸਿਖਿਅਕ, ਵਜ਼ੀਫ਼ੇ ਦੀ ਅਤੇ ਸਹਾਇਕ ਯੰਤਰਾਂ ਦੀ ਸੁਵਿਧਾ ਹੈ। ਇਮਤਿਹਾਨ ਮੌਕੇ ਦਿਵਿਆਂਗ ਵਿਦਿਆਰਥੀਆਂ ਨੂੰ ਵਾਧੂ ਸਮਾਂ, ਦੂਜੀ/ਤੀਜੀ ਭਾਸ਼ਾ ਵਿਚ ਛੋਟ ਅਤੇ ਲੋੜ ਅਨੁਸਾਰ ਮੁਫ਼ਤ ਲਿਖਾਰੀ ਦੀ ਸੁਵਿਧਾ ਹੈ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਹਰਮੇਸ਼ ਸਿੰਘ ਵੀ ਮੌਜੂਦ ਸਨ।
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਔਰਤ ਵੱਲੋਂ ਧੀ ਕਤਲ
NEXT STORY