ਜਲੰਧਰ— ਪੰਜਾਬ 'ਚ ਪਹਿਲੀ ਤਿਮਾਹੀ 'ਚ ਖਾਧ ਪਦਾਰਥਾਂ ਦੇ ਲਏ ਗਏ ਸੈਂਪਲਾਂ 'ਚੋਂ ਟੈਸਟ ਦੌਰਾਨ ਲਗਭਗ 25 ਫੀਸਦੀ ਸੈਂਪਲ ਫੇਲ ਪਾਏ ਗਏ ਹਨ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ ਵੱਖ-ਵੱਖ ਥਾਵਾਂ ਤੋਂ 2170 ਖਾਧ ਪਦਾਰਥ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 530 ਟੈਸਟ ਦੌਰਾਨ ਫੇਲ ਪਾਏ ਗਏ ਹਨ। ਟੈਸਟ ਦੌਰਾਨ ਅਸਫਲ ਰਹਿਣ ਵਾਲੇ ਪਦਾਰਥਾਂ 'ਚ ਸਭ ਤੋਂ ਆਮ ਵਸਤੂਆਂ ਮਸਾਲੇ, ਬੇਕਰੀ ਉਤਪਾਦ ਅਤੇ ਖਾਧ ਤੇਲ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ 18 ਫੀਸਦੀ ਤੋਂ ਵੱਧ ਮਸਾਲਿਆਂ ਦੇ ਨਮੂਨੇ ਅਤੇ 23.28 ਫੀਸਦੀ ਬੇਕਰੀ ਉਤਪਾਦ ਦੇ ਟੈਸਟ 'ਚ ਅਸਫਲ ਰਹੇ। ਦੁੱਧ ਉਤਪਾਦਾਂ ਦੇ 29 ਫੀਸਦੀ ਨਮੂਨੇ ਗਲਤ ਪਾਏ ਗਏ ਹਨ। ਦੁੱਧ ਦੇ 278 ਉਤਪਾਦ ਲਏ ਗਏ ਸਨ, ਜਿਨ੍ਹਾਂ 'ਚੋਂ 81 ਟੈਸਟ 'ਚ ਅਸਫਲ ਰਹੇ।
ਜਨਵਰੀ 'ਚ ਅੰਮ੍ਰਿਤਸਰ 'ਚੋਂ 77 ਖਾਧ ਪਦਾਰਥਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 34 ਨਮੂਨੇ ਗਲਤ ਪਾਏ ਗਏ ਹਨ। ਹੁਸ਼ਿਆਰਪੁਰ 'ਚੋਂ 61 ਖਾਧ ਪਦਾਰਥਾਂ ਦੇ ਸੈਂਪਲ ਲਏ ਗਏ ਅਤੇ ਇਨ੍ਹਾਂ 'ਚੋਂ 14 ਸੈਂਪਲਾਂ 'ਚ ਮਿਲਾਵਟ ਪਾਈ ਗਈ ਹੈ। ਜਲੰਧਰ ਤੋਂ ਲਏ ਗਏ 80 ਖਾਧ ਪਦਾਰਥਾਂ 'ਚੋਂ 17 ਖਾਧ ਪਦਾਰਥ 'ਚ ਮਿਲਾਵਟ ਪਾਈ ਗਈ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ 'ਚੋਂ 31 ਖਾਧ ਪਦਾਰਥਾਂ 'ਚੋਂ 12 ਨਮੂਨੇ ਗਲਤ ਪਾਏ ਗਏ। ਜਨਵਰੀ ਤੋਂ ਲੈ ਕੇ ਮਾਰਚ ਤੱਕ ਚੈਕਿੰਗ ਦੌਰਾਨ ਮੌਕੇ 'ਤੇ ਵੱਖ-ਵੱਖ ਖਾਧ ਪਦਾਰਥਾਂ ਦੇ 16.6 ਫੀਸਦੀ ਨਮੂਨੇ ਗਲਤ ਪਾਏ ਗਏ ਸਨ। ਵਿਸ਼ੇਸ਼ ਮੁਹਿੰਮ ਦੌਰਾਨ ਫਲ ਅਤੇ ਸਬਜ਼ੀਆਂ ਦੇ 26.47 ਫੀਸਦੀ ਨਮੂਨੇ ਗਲਤ ਪਾਏ ਗਏ।
ਦੁੱਧ 'ਚ ਹੋ ਰਹੀ ਹੈ ਮਿਲਾਵਟ
ਮਿਸ਼ਨ ਤੰਦਰੂਸਤ ਦੇ ਨਿਰਦੇਸ਼ਕ ਖਾਨ ਸਿੰਘ ਪੰਨੂੰ ਨੇ ਕਿਹਾ ਕਿ ਦੁੱਧ 'ਚ ਇਹ ਕਮੀ ਪਾਈ ਗਈ ਹੈ ਕਿ ਦੁੱਧ 'ਚ ਪਾਣੀ ਪਾ ਕੇ ਮਿਲਾਵਟ ਕੀਤੀ ਜਾ ਰਹੀ ਹੈ, ਜੋ ਕਿ ਸਿਹਤ ਲਈ ਨੁਕਸਾਨਦੇਹ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੈਲ ਅਤੇ ਮਈ 'ਚ ਸਵੱਛਤਾ ਨੂੰ ਲੈ ਕੇ 22 ਹਜ਼ਾਰ ਖਾਧ ਵਪਾਰਕ ਆਪਰੇਟਰਾਂ ਨੂੰ ਟ੍ਰੇਨਿੰਗ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਨਾਲ ਬਣਨ ਵਾਲੇ ਉਤਪਾਦਾਂ 'ਚ ਹੋਣ ਵਾਲੀ ਮਿਲਾਵਟ ਖਿਲਾਫ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਪੰਨੂੰ ਨੇ ਦੱਸਿਆ ਕਿ ਦੁੱਧ ਦਾ ਪ੍ਰੀਖਣ ਕਰਨ ਅਤੇ ਉਪਭੋਗਤਾਵਾਂ 'ਚ ਜਾਗਪੂਕਤਾ ਪੈਦਾ ਕਰਨ ਲਈ 10 ਮੋਬਾਇਲ ਵੈਨ ਪੰਜਾਬ 'ਚ ਚੱਲ ਰਹੀਆਂ ਹਨ। ਖਾਧ ਵਿਭਾਗ ਦੇ ਸਹਾਇਕ ਕਮਿਸ਼ਨਰ ਅਮਿਤ ਜੋਸ਼ੀ ਮੁਤਾਬਕ ਜਨਵਰੀ 'ਚ ਮਿਲਾਵਟ ਦੇ 225 ਮਾਮਲੇ ਦਰਜ ਕੀਤੇ ਗਏ ਸਨ ਅਤੇ ਇਸੇ ਮਹੀਨੇ 'ਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ 25 ਲੱਖ 89 ਹਜ਼ਾਰ 200 ਰੁਪਏ ਜੁਰਮਾਨਾ ਲਗਾਇਆ ਗਿਆ ਸੀ। ਇਸੇ ਤਰ੍ਹਾਂ ਫਰਵਰੀ 'ਚ 142 ਮਾਮਲੇ ਦਰਜ ਕੀਤੇ ਗਏ ਸਨ ਅਤੇ 22,20,500 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਮਾਰਚ 'ਚ 133 ਮਾਮਲੇ ਦਰਜ ਕੀਤੇ ਗਏ ਸਨ ਅਤੇ ਡਿਫਾਲਟਰਾਂ 'ਤੇ ਕੁੱਲ 22,92,000 ਰੁਪਏ ਦਾ ਜੁਰਮਾਨਾ ਲਗਾਇਆ ਸੀ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY