ਜਲੰਧਰ (ਧਵਨ): ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋਸ਼ ਲਾਇਆ ਹੈ ਕਿ ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਹੋਈ ਘਟਨਾਵਾਂ ਲਈ ਸਾਬਕਾ ਬਾਦਲ ਸਰਕਾਰ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕੀਤਾ ਸੀ ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ 4 ਸਾਲਾਂ ਦੇ ਕਾਰਜਕਾਲ ’ਚ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਜਾਂਚ ਕਾਰਜ ’ਚ ਤੇਜ਼ੀ ਨਹੀਂ ਆ ਸਕੀ ਸੀ।
ਇਹ ਵੀ ਪੜ੍ਹੋ : ਕਾਂਗਰਸ ਇਕਜੁਟ, ਉਸ ਦਾ ਮਕਸਦ ਬਾਹਰੀ ਲੋਕਾਂ ਨੂੰ ਸੂਬੇ ’ਚੋਂ ਭਜਾਉਣਾ : ਚੰਨੀ
ਰੰਧਾਵਾ ਨੇ ਕਿਹਾ ਕਿ ਜਦੋਂ ਉਹ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਨੂੰ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਦਬਾਅ ਪਾ ਰਹੇ ਸਨ ਤਾਂ ਵੀ ਕਾਰਵਾਈ ਨਹੀਂ ਹੋਈ। ਇਸ ਤਰ੍ਹਾਂ ਇਕ ਸਮਾਂ ਅਜਿਹਾ ਆ ਗਿਆ ਸੀ ਜਦੋਂ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਬੋਲਚਾਲ ਵੀ ਬੰਦ ਹੋ ਗਈ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਨਾਰਾਜ਼ ਹੋ ਕੇ ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਕੈਪਟਨ ਨੂੰ ਸੌਂਪ ਦਿੱਤਾ ਸੀ। ਤਦ ਕੈਪਟਨ ਨੇ ਉਨ੍ਹਾਂ ਦਾ ਅਸਤੀਫਾ ਰੱਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਜਦੋਂ ਸਰਕਾਰ ਨੇ ਘਟਨਾਵਾਂ ਦੀ ਜਾਂਚ ਸਬੰਧੀ ਦਿਲਚਸਪੀ ਨਹੀਂ ਵਿਖਾਈ ਤਾਂ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਦਾ ਦਰਵਾਜ਼ਾ ਖੜਕਾਇਆ। ਤਦ ਕਾਂਗਰਸ ਹਾਈਕਮਾਨ ਨੇ ਵੀ ਵਿਧਾਇਕਾਂ ਦੀ ਗੱਲ ਨੂੰ ਸਮਝਿਆ ਤੇ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੇ ਸਥਾਨ ’ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਵਾਗਡੋਰ ਸੌਂਪੀ।
ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਵੀ ਦੋਸ਼ੀ : ਸ਼ੇਖਾਵਤ
ਰੰਧਾਵਾ ਨੇ ਖੁਲਾਸਾ ਕੀਤਾ ਕਿ ਚੰਨੀ ਸਰਕਾਰ ਬਣਨ ਤੋਂ ਬਾਅਦ ਹਾਈਕੋਰਟ ’ਚ ਵੀ ਪੰਜਾਬ ਸਰਕਾਰ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੇਸ ਦੀ ਪੈਰਵੀ ਕੀਤੀ ਤੇ ਬਾਬਾ ਰਾਮ ਰਹੀਮ ਤੋਂ ਪੁੱਛਗਿੱਛ ਦੇ ਹੁਕਮ ਹਾਸਲ ਕੀਤੇ। ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੇ ਵੀ ਬਾਬਾ ਰਾਮ ਰਹੀਮ ਤੋਂ ਪੁੱਛਗਿੱਛ ਕਰਨ ’ਚ ਦਿਲਚਸਪੀ ਨਹੀਂ ਵਿਖਾਈ ਸੀ। ਜਦੋਂ ਹਾਈਕੋਰਟ ਤੋਂ ਹੁਕਮ ਮਿਲੇ ਤਾਂ ਪੰਜਾਬ ਪੁਲਸ ਦੀ ਟੀਮ ਨੇ ਜਾ ਕੇ ਬਾਬਾ ਰਾਮ ਰਹੀਮ ਤੋਂ ਪੁੱਛਗਿੱਛ ਕੀਤੀ। ਪੰਜਾਬ ਸਰਕਾਰ ਤਾਂ ਬਾਬਾ ਰਾਮ ਰਹੀਮ ਨੂੰ ਪੁੱਛਗਿਛ ਲਈ ਪੰਜਾਬ ਲਿਆਉਣਾ ਚਾਹੁੰਦੀ ਸੀ ਪਰ ਵਾਰ-ਵਾਰ ਬਾਬਾ ਰਹੀਮ ਨੇ ਅਦਾਲਤ ’ਚ ਕਦੇ ਸੁਰੱਖਿਆ ਕਾਰਨਾਂ ਤਾਂ ਕਦੇ ਹੋਰ ਕਾਰਨਾਂ ਤੋਂ ਆਉਣੋਂ ਆਨਾਕਾਨੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਜੇਕਰ ਚੋਣਾਂ ’ਚ ਕਾਂਗਰਸ ਨੂੰ ਬਹੁਮਤ ਦਿੱਤਾ ਤਾਂ ਸਰਕਾਰ ਬਣਦਿਆਂ ਹੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਨਵੀਂ ਸਰਕਾਰ ਪੂਰੀ ਗੰਭੀਰਤਾ ਨਾਲ ਕਾਰਜ ਕਰੇਗੀ ਤੇ ਪੰਜਾਬੀਆਂ ਨੂੰ ਇਨਸਾਫ ਦਿਵਾ ਕੇ ਰਹੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਂ ਅਕਾਲੀ ਨੇਤਾ ਵਿਕਰਮ ਮਜੀਠੀਆ ਤੋਂ ਮੁਆਫੀ ਮੰਗ ਲਈ ਸੀ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਬਾਦਲ ਸਰਕਾਰ ਦੇ ਕਾਰਜਕਾਲ ’ਚ ਹੋਈਆਂ ਸਨ ਤੇ ਇਨ੍ਹਾਂ ਘਟਨਾਵਾਂ ਖਿਲਾਫ ਮਾਲਵਾ ’ਚ ਧਰਨੇ ’ਤੇ ਬੈਠੇ ਲੋਕਾਂ ’ਤੇ ਗੋਲੀ ਚਲਾਉਣ ਦੇ ਹੁਕਮ ਵੀ ਸਾਬਕਾ ਬਾਦਲ ਸਰਕਾਰ ਵੱਲੋਂ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬੀਆਂ ਨਾਲ ਵਚਨਬੱਧ ਹੈ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ੇਗੀ ਨਹੀਂ।
ਸ੍ਰੀ ਦਰਬਾਰ ਸਾਹਿਬ ਦੀ ਘਟਨਾ ਦੀ ਜਾਂਚ ’ਚ ਦੋਸ਼ੀ ਦੇ ਮਾਰੇ ਜਾਣ ਕਾਰਨ ਅੜਚਨ ਆਈ
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਚ ਹਾਲ ਹੀ ’ਚ ਬੇਅਦਬੀ ਦੀ ਘਟਨਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦੇ ਮਾਰੇ ਜਾਣ ਕਾਰਨ ਜਾਂਚ ’ਚ ਅੜਚਨ ਆਈ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਪਤਾ ਚੱਲਦਾ ਹੈ ਕਿ ਦੋਸ਼ੀ 3 ਦਿਨਾਂ ਤੋਂ ਉੱਥੇ ਹੀ ਘੁੰਮ ਰਿਹਾ ਸੀ। ਉਨ੍ਹਾਂ ਕਿਹਾ ਕਿ ਟਾਸਕਫੋਰਸ ਤੇ ਸੀ. ਸੀ. ਟੀ. ਵੀ. ਦੇਖਣ ਵਾਲਿਆਂ ਨੂੰ ਅਜਿਹੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਟਾਸਕ ਫੋਰਸ ਵੱਲੋਂ ਇਸ ਸਬੰਧੀ ਪੁਲਸ ਦੀ ਜਾਂਚ ਟੀਮ ਨੂੰ ਜੋ ਵੀ ਸੱਚਾਈ ਉਪਲੱਬਧ ਕਰਵਾਏ ਜਾਵੇਗੀ ਉਸ ਦੇ ਆਧਾਰ ’ਤੇ ਜਾਂਚ ਦਾ ਕੰਮ ਅੱਗੇ ਵਧੇਗਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਾਂਗਰਸ ’ਚ ਢਾਈ-ਢਾਈ ਸਾਲ ਦਾ CM ਐਲਾਨ ਕਰਨ ਦਾ ਕੋਈ ਕਲਚਰ ਨਹੀਂ: ਹਰੀਸ਼ ਚੌਧਰੀ
NEXT STORY