ਲੁਧਿਆਣਾ, (ਮਹੇਸ਼)- ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ ਸਰਗਣਾ ਸਮੇਤ 4 ਦੋਸ਼ੀਆਂ ਨੂੰ ਪੁਲਸ ਨੇ ਕਾਬੂ ਕੀਤਾ ਹੈ, ਜਦਕਿ ਇਨ੍ਹਾਂ ਦੇ 2 ਸਾਥੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ। ਫੜੇ ਗਏ ਦੋਸ਼ੀਆਂ ਤੋਂ 11 ਮੋਬਾਇਲ ਅਤੇ ਵਾਰਦਾਤਾਂ 'ਚ ਵਰਤੋਂ ਕੀਤੇ ਗਏ 2 ਮੋਟਰਸਾਈਕਲ ਬਰਾਮਦ ਹੋਏ ਹਨ।
ਫੜੇ ਗਏ ਦੋਸ਼ੀਆਂ ਦੀ ਪਛਾਣ ਗਿਰੋਹ ਸਰਗਣਾ ਸੰਨਿਆਸ ਨਗਰ ਨਿਵਾਸੀ ਰਵੀ ਕੁਮਾਰ ਸ਼ਰਮਾ, ਮੁਹੱਲਾ ਬਜਰੰਗ ਵਿਹਾਰ ਦੇ ਆਕਾਸ਼ ਕੁਮਾਰ ਉਰਫ ਆਸ਼ੂ, ਹੀਰਾ ਨਗਰ ਦੇ ਕਰਣ ਨਾਹਰ ਬੋਂਗਾ ਅਤੇ ਦਸਮੇਸ਼ ਕਾਲੋਨੀ ਦੇ ਸਿਕੰਦਰ ਲਾਲਾ ਦੇ ਰੂਪ ਵਿਚ ਹੋਈ ਹੈ, ਜਦੋਂਕਿ ਲਖਵਿੰਦਰ ਸਿੰਘ ਲੱਕੀ ਅਤੇ ਗੁਰਵਿੰਦਰ ਸਿੰਘ ਪ੍ਰੀਤ ਦੀ ਪੁਲਸ ਭਾਲ ਕਰ ਰਹੀ ਹੈ। ਇਨ੍ਹਾਂ ਦੇ ਖਿਲਾਫ ਬਸਤੀ ਜੋਧੇਵਾਲ ਥਾਣੇ 'ਚ ਲੁੱਟ-ਖੋਹ ਦਾ ਕੇਸ ਦਰਜ ਕੀਤਾ ਗਿਆ ਹੈ। ਕ੍ਰਾਈਮ ਬ੍ਰਾਂਚ ਇੰਚਾਰਜ ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਸਾਰੇ ਦੋਸ਼ੀ ਬਸਤੀ ਜੋਧੇਵਾਲ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਤਾਬੜਤੋੜ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਇਲਾਕੇ 'ਚ ਦਹਿਸ਼ਤ ਮਚਾ ਰੱਖੀ ਸੀ, ਜਿਨ੍ਹਾਂ ਨੂੰ ਸੂਚਨਾ ਦੇ ਆਧਾਰ 'ਤੇ ਜੋਧੇਵਾਲ ਇਲਾਕੇ 'ਚ ਨਾਕਾਬੰਦੀ ਕਰ ਕੇ ਕਾਬੂ ਕੀਤਾ ਗਿਆ, ਜਦੋਂਕਿ ਇਸ ਗਿਰੋਹ ਦੇ 2 ਮੈਂਬਰ ਹਨੇਰੇ ਦਾ ਫਾਇਦਾ ਚੁੱਕ ਕੇ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਦੋਸ਼ੀਆਂ ਤੋਂ ਕੀਤੀ ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਇਨ੍ਹਾਂ ਦੇ ਨਿਸ਼ਾਨੇ 'ਤੇ ਜ਼ਿਆਦਾਤਰ ਪ੍ਰਵਾਸੀ ਰਾਹਗੀਰ ਹੋਇਆ ਕਰਦੇ ਸੀ, ਜਿਨ੍ਹਾਂ ਤੋਂ ਕੁੱਟ-ਮਾਰ ਕੇ ਉਨ੍ਹਾਂ ਨੂੰ ਡਰਾ ਧਮਕਾ ਕੇ ਲੁੱਟ ਲਿਆ ਜਾਂਦਾ ਸੀ। ਇਨ੍ਹਾਂ ਨੇ ਲੁੱਟ-ਖੋਹ ਦੀਆਂ 2 ਦਰਜਨ ਦੇ ਲਗਭਗ ਵਾਰਦਾਤਾਂ ਕਬੂਲੀਆਂ ਹਨ। ਫੜੇ ਗਏ ਦੋਸ਼ੀਆਂ 'ਚ ਸਿਕੰਦਰ ਲਾਲਾ ਇਨ੍ਹਾਂ ਵਲੋਂ ਲੁੱਟੇ ਗਏ ਮੋਬਾਇਲ ਅੱਧੇ ਮੁੱਲ 'ਚ ਖਰੀਦ ਕੇ ਅੱਗੇ ਵੇਚ ਦਿੰਦਾ ਸੀ। ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਕੰਪਨੀਆਂ ਦੇ ਲੁੱਟੇ ਗਏ ਮੋਬਾਇਲ ਬਰਾਮਦ ਕੀਤੇ ਗਏ ਹਨ, ਜਦੋਂਕਿ 2 ਮੋਟਰਸਾਈਕਲ ਵੀ ਜ਼ਬਤ ਕੀਤੇ ਗਏ ਹਨ, ਜਿਨ੍ਹਾਂ 'ਤੇ ਇਹ ਗਿਰੋਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪ੍ਰੇਮ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਕਿ ਦੋਸ਼ੀਆਂ 'ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਅੱਧਾ ਦਰਜਨ ਦੇ ਲਗਭਗ ਲੁੱਟ-ਖੋਹ ਦੇ ਮਾਮਲੇ ਦਰਜ ਹਨ, ਕਿਉਂਕਿ ਇਹ ਇਕ ਹੀ ਇਲਾਕੇ ਦੇ ਰਹਿਣ ਵਾਲੇ ਹਨ। ਜਿਸ ਦੇ ਕਾਰਨ ਇਨ੍ਹਾਂ ਦੀ ਆਪਸੀ ਜਾਣ-ਪਛਾਣ ਹੋ ਗਈ ਅਤੇ ਇਨ੍ਹਾਂ ਨੇ ਲੁੱਟ-ਖੋਹ ਦੇ ਲਈ ਗੈਂਗ ਤਿਆਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਹੈਰੋਇਨ ਸਣੇ 1 ਕਾਬੂ, ਇਕ ਫਰਾਰ
NEXT STORY