ਚੰਡੀਗੜ੍ਹ (ਸੁਸ਼ੀਲ) : ਖਰੜ-ਰੋਪੜ ਹਾਈਵੇਅ ਨੇੜੇ ਜ਼ਮੀਨ ਵੇਚਣ ਦੇ ਨਾਂ ’ਤੇ 4 ਵਿਅਕਤੀਆਂ ਨੇ ਸੈਕਟਰ-27 ਦੇ ਵਸਨੀਕ ਤੋਂ 2 ਕਰੋੜ 14 ਲੱਖ ਰੁਪਏ ਦੀ ਧੋਖਾਧੜੀ ਕਰ ਲਈ। ਮੁਲਜ਼ਮਾਂ ਨੇ ਕਰੋੜਾਂ ਰੁਪਏ ਲੈਣ ਤੋਂ ਬਾਅਦ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ। ਸੈਕਟਰ-27 ਦੇ ਵਸਨੀਕ ਜਸਪਾਲ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਆਰਥਿਕ ਅਪਰਾਧ ਸ਼ਾਖਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਸੰਦੀਪ ਕੌਰ, ਸਰਬਜੀਤ ਸਿੰਘ, ਰਵਿੰਦਰ ਕੌਰ ਅਤੇ ਤੇਜਪਾਲ ਸਿੰਘ ਖ਼ਿਲਾਫ਼ ਸਾਜ਼ਿਸ਼ ਰਚਣ, ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ। ਸੈਕਟਰ-27 ਦੇ ਵਸਨੀਕ ਜਸਪਾਲ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਜ਼ਮੀਨ ਖ਼ਰੀਦਣੀ ਸੀ।
ਉਸ ਦੀ ਮੁਲਾਕਾਤ ਸੰਦੀਪ ਕੌਰ, ਰਵਿੰਦਰ ਕੌਰ, ਤੇਜਪਾਲ ਸਿੰਘ ਨਾਲ ਹੋਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 29 ਕਨਾਲ ਪੰਜ ਮਰਲੇ ਜ਼ਮੀਨ ਖਰੜ-ਰੋਪੜ ਹਾਈਵੇ ਦੇ ਨੇੜੇ ਹੈ। ਜ਼ਮੀਨ ਦਾ ਸੌਦਾ 60 ਲੱਖ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਤੈਅ ਹੋਇਆ ਸੀ। ਸ਼ਿਕਾਇਤਕਰਤਾ ਨੇ 77 ਲੱਖ ਰੁਪਏ ਦੇ ਕੇ ਸਮਝੌਤੇ ’ਤੇ ਦਸਤਖ਼ਤ ਕੀਤੇ। ਸਮਝੌਤੇ ਤੋਂ ਬਾਅਦ ਸ਼ਿਕਾਇਤਕਰਤਾ ਨੇ ਕਿਸ਼ਤਾਂ 'ਚ ਮੁਲਜ਼ਮਾਂ ਨੂੰ ਕੁੱਲ 2 ਕਰੋੜ 14 ਲੱਖ 50 ਹਜ਼ਾਰ ਰੁਪਏ ਦੇ ਦਿੱਤੇ। ਇਸ ਰਕਮ ਦੀ ਅਦਾਇਗੀ ਕਰਨ ਤੋਂ ਬਾਅਦ ਵੀ ਮੁਲਜ਼ਮਾਂ ਨੇ ਨਾ ਤਾਂ ਜ਼ਮੀਨ ਦਾ ਕਬਜ਼ਾ ਦਿੱਤਾ ਅਤੇ ਨਾ ਹੀ ਸੇਲ ਡੀਡ ਤਿਆਰ ਕੀਤੀ।
ਮੁਲਜ਼ਮਾਂ ਨੇ ਜਮੀਨ ਸ਼ਿਕਾਇਤਕਰਤਾ ਦੇ ਨਾਂ ’ਤੇ ਕਰਨ ਦੀ ਬਜਾਏ ਆਪਣੇ ਪਿਤਾ ਦੇ ਨਾਂ ਟਰਾਂਸਫ਼ਰ ਕਰ ਦਿੱਤੀ ਅਤੇ ਬਾਅਦ ਵਿਚ ਇਸ ਨੂੰ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤੀ। ਮੁਲਜ਼ਮਾਂ ਨੇ ਸਮਝੌਤੇ ਵਿਚ ਜਾਅਲੀ ਦਸਤਖ਼ਤ ਕਰ ਕੇ ਸ਼ਿਕਾਇਤਕਰਤਾ ਨੂੰ ਧੋਖਾ ਦਿੱਤਾ। ਜਦੋਂ ਸ਼ਿਕਾਇਤਕਰਤਾ ਨੇ ਇਸ ਸਬੰਧੀ ਮੁਲਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਇਸ ਮਾਮਲੇ ਵਿਚ ਸ਼ਿਕਾਇਤ ਦਰਜ ਕਰਵਾਈ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਆਰਥਿਕ ਅਪਰਾਧ ਸ਼ਾਖਾ ਨੇ ਮਾਮਲਾ ਦਰਜ ਕਰ ਲਿਆ ਹੈ।
ਸੁਰਜੀਤ ਪਾਤਰ ਯਾਦਗਾਰੀ ਸਮਾਗਮ ਦੌਰਾਨ GNDU ਪਹੁੰਚੇ CM ਮਾਨ, ਮਾਂ ਬੋਲੀ ਲਈ ਆਖੀਆਂ ਵੱਡੀਆਂ ਗੱਲਾਂ
NEXT STORY