ਬਠਿੰਡਾ (ਸੁਖਵਿੰਦਰ) : ਕੁੱਝ ਚਲਾਕ ਧੋਖੇਬਾਜ਼ਾਂ ਨੇ ਇਕ ਵਿਅਕਤੀ ਨੂੰ ਆਨਲਾਈਨ ਪੈਸੇ ਕਮਾਉਣ ਦਾ ਲਾਲਚ ਦੇ ਕੇ ਉਸ ਦੇ ਖ਼ਾਤੇ ਵਿਚੋਂ 13 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਲਈ। ਸਾਈਬਰ ਕ੍ਰਾਈਮ ਸੈੱਲ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੀਪ ਸਿੰਘ ਵਾਸੀ ਮਹਿਰਾਜ ਨੇ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਇਕ ਅਣਜਾਣ ਕੁੜੀ ਦਾ ਫੋਨ ਆਇਆ ਸੀ, ਜਿਸ ਨੇ ਉਸ ਨੂੰ ਇਕ ਵਟਸਐਪ ਗਰੁੱਪ ਵਿਚ ਸ਼ਾਮਲ ਹੋਣ ਲਈ ਕਿਹਾ।
ਉਕਤ ਲੋਕਾਂ ਨੇ ਉਸ ਨੂੰ ਇਹ ਵੀ ਕਿਹਾ ਕਿ ਉਹ ਉਸ ਨੂੰ ਗੂਗਲ ’ਤੇ ਪ੍ਰਤੀ ਸੁਨੇਹਾ ਸਮੀਖਿਆ ਕਰਨ ਲਈ 200 ਰੁਪਏ ਦੇਣਗੇ। ਜਦੋਂ ਉਸ ਨੇ ਕੁੱਝ ਸਮੀਖਿਆਵਾਂ ਕੀਤੀ ਤਾਂ ਰੁਪਏ 200 ਪ੍ਰਤੀ ਸਮੀਖਿਆ ਉਸ ਦੇ ਖ਼ਾਤੇ ਵਿਚ ਆਉਣ ਲੱਗ ਪਈ ਅਤੇ ਉਸ ਨੇ ਉਨ੍ਹਾਂ ਲੋਕਾਂ ’ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ’ਚ ਉਕਤ ਲੋਕਾਂ ਨੇ ਉਸ ਨੂੰ ਆਪਣੇ ਖਾਤੇ ’ਚ 1000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਇਸ ਲਈ ਉਸ ਨੇ ਉਨ੍ਹਾਂ ਦੇ ਖ਼ਾਤੇ ’ਚ 1200 ਰੁਪਏ ਜਮ੍ਹਾਂ ਕਰਵਾ ਦਿੱਤੇ।
ਉਸ ਨੇ ਦੱਸਿਆ ਕਿ ਇਸ ਤੋਂ ਬਾਅਦ 28 ਮਾਰਚ ਤੋਂ 10 ਅਪ੍ਰੈਲ ਦੇ ਵਿਚਕਾਰ ਉਕਤ ਲੋਕਾਂ ਨੇ ਉਸ ਦੇ ਖ਼ਾਤੇ ’ਚੋਂ ਇਕ ਵਾਰ 10,98,723 ਰੁਪਏ ਅਤੇ ਦੂਜੇ ਖ਼ਾਤੇ ’ਚੋਂ 2,24,900 ਰੁਪਏ ਕਢਵਾਏ। ਅਜਿਹਾ ਕਰ ਕੇ ਮੁਲਜ਼ਮ ਨੇ ਉਸ ਦੇ ਦੋਹਾਂ ਖ਼ਾਤਿਆਂ ’ਚੋਂ 13,19,623 ਰੁਪਏ ਕੱਢਵਾ ਕੇ ਉਸ ਨਾਲ ਧੋਖਾਦੇਹੀ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ’ਚ ਪ੍ਰਾਪਰਟੀ ਡੀਲਰ ਦੀ ਮੌਤ
NEXT STORY