ਪਾਇਲ (ਵਿਨਾਇਕ, ਬਰਮਾਲੀਪੁਰ) - ਆਮਦਨ ਕਰ ਵਿਭਾਗ ਦੇ ਇਕ ਐਡਵੋਕੇਟ ਵੱਲੋਂ ਆਪਣੀ ਪਤਨੀ ਨਾਲ ਮਿਲ ਕੇ ਕਿਸਾਨੀ ਉਤਪਾਦ ਤਿਆਰ ਕਰਨ ਵਾਲੀ ਪਾਇਲ ਦੀ ਕੰਪਨੀ ਬੋਪਾਰਾਏ ਇਲੈਕਟ੍ਰੀਕਲਸ ਐਂਡ ਇਲੈਕਟ੍ਰਾਨਿਕਸ ਤੇ 3 ਹੋਰ ਨਾਮੀ ਫਰਮਾਂ ਦਾ 1.10 ਕਰੋੜ ਦਾ ਟੈਕਸ ਆਮਦਨ ਕਰ ਵਿਭਾਗ ਕੋਲ ਜਮਾਂ ਨਾ ਕਰਵਾ ਕੇ ਧੋਖਾਦੇਹੀ ਕਰਨ ਤੇ ਫਰਮਾਂ ਨੂੰ ਜਾਅਲੀ ਬੈਂਕ ਰਸੀਦਾਂ ਬਣਾ ਕੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਧੋਖਾਦੇਹੀ ਦੀ ਜਾਣਕਾਰੀ ਫਰਮਾਂ ਨੂੰ ਉਸ ਵੇਲੇ ਹੋਈ, ਜਦੋਂ ਜਨਵਰੀ 2018 ਵਿਚ ਆਮਦਨ ਕਰ ਵਿਭਾਗ ਦੇ ਡਿਪਟੀ ਕਮਿਸ਼ਨਰ ਸਮੇਤ ਹੋਰ ਉੱਚ ਅਧਿਕਾਰੀ ਫਰਮਾਂ ਵਿਚ ਉਕਤ ਐਡਵਾਂਸ ਟੈਕਸ ਦੀ ਰਿਕਵਰੀ ਕਰਵਾਉਣ ਲਈ ਪੁੱਜੇ, ਜਿੱਥੇ ਉਕਤ ਫਰਮਾਂ ਵੱਲੋਂ ਦਿੱਤੇ ਆਮਦਨ ਟੈਕਸ ਦੀਆਂ ਰਸੀਦਾਂ ਅਧਿਕਾਰੀਆਂ ਨੂੰ ਦਿਖਾਈਆਂ ਗਈਆਂ, ਜਿਨ੍ਹਾਂ ਦੀ ਪੜਤਾਲ ਉਪਰੰਤ ਇਸ ਧੋਖਾਦੇਹੀ ਦਾ ਪਰਦਾਫਾਸ਼ ਹੋਇਆ। ਇਸ ਸਬੰਧ ਵਿਚ ਥਾਣਾ ਪਾਇਲ ਦੀ ਪੁਲਸ ਨੇ 12 ਮਾਰਚ ਨੂੰ ਐਡਵੋਕੇਟ ਜਸਵਿੰਦਰ ਸਿੰਘ ਲੋਟੇ ਅਤੇ ਉਨ੍ਹਾਂ ਦੀ ਪਤਨੀ ਸ਼ੀਤਲ ਲੋਟੇ ਵਾਸੀ ਖੰਨਾ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਬੋਪਾਰਾਏ ਇਲੈਕਟ੍ਰੀਕਲਸ ਐਂਡ ਇਲੈਕਟ੍ਰਾਨਿਕਸ ਪਾਇਲ ਦੇ ਮਾਲਕ ਇੰਜੀਨੀਅਰ ਜਗਦੇਵ ਸਿੰਘ ਅਤੇ ਡਾਇਰੈਕਟਰ ਇੰਜੀਨੀਅਰ ਹਰਦੀਪ ਸਿੰਘ ਬੋਪਾਰਾਏ ਵਲੋਂ ਮਾਣਯੋਗ ਐੱਸ. ਐੱਸ. ਪੀ. ਸਾਹਿਬ ਖੰਨਾ ਨੂੰ ਦਿੱਤੀਆਂ ਦਰਖਾਸਤਾਂ 'ਚ ਦੱਸਿਆ ਕਿ ਉਨ੍ਹਾਂ ਦੀਆਂ ਉਕਤ ਫਰਮਾਂ ਦਾ ਆਮਦਨ ਕਰ ਵਿਭਾਗ ਦਾ ਕੰਮ ਦੇਖਣ ਲਈ ਆਮਦਨ ਕਰ ਵਿਭਾਗ ਦੇ ਪੈਨਲ 'ਤੇ ਕੰਮ ਕਰ ਰਹੇ ਐਡਵੋਕੇਟ ਜਸਵਿੰਦਰ ਸਿੰਘ ਲੋਟੇ ਨੂੰ ਕਾਫੀ ਸਮੇਂ ਤੋਂ ਮੁਕਰਰ ਕੀਤਾ ਹੋਇਆ ਹੈ ਅਤੇ ਉਹ ਆਪਣੀਆਂ ਫਰਮਾਂ ਦਾ ਆਮਦਨ ਕਰ ਐਡਵੋਕੇਟ ਜਸਵਿੰਦਰ ਸਿੰਘ ਲੋਟੇ ਦੀ ਕੰਪਨੀ ਜੇ. ਐੱਸ. ਲੋਟੇ ਖੰਨਾ ਤੇ ਉਸਦੀ ਪਤਨੀ ਸ਼ੀਤਲ ਲੋਟੇ ਦੀ ਕੰਪਨੀ ਰੈਲੇ ਇੰਡੀਆ ਇਨਫੋਟੈੱਕ ਖੰਨਾ ਦੇ ਆਕਊਂਟਾਂ ਰਾਹੀਂ ਚੈੱਕ, ਆਰ. ਟੀ. ਜੀ. ਐੱਸ. ਤੇ ਨਕਦ ਸਮੇਂ-ਸਮੇਂ 'ਤੇ ਅਦਾ ਕਰਦਾ ਆ ਰਿਹਾ ਹੈ।
ਐਡਵੋਕੇਟ ਜਸਵਿੰਦਰ ਸਿੰਘ ਤੇ ਉਸਦੀ ਪਤਨੀ ਨੇ ਉਨ੍ਹਾਂ ਦੀਆਂ ਫਰਮਾਂ ਵੱਲੋਂ ਦਿੱਤੀ ਸਾਲ 2009 ਤੋਂ 2015 ਤੱਕ ਦੀ ਆਮਦਨ ਟੈਕਸ ਦੀ ਭਾਰੀ ਰਕਮ ਨੂੰ ਆਪਣੇ ਵੱਖ-ਵੱਖ ਖਾਤਿਆਂ 'ਚੋਂ ਤਬਦੀਲ ਕਰਕੇ ਅਤੇ ਉਨ੍ਹਾਂ ਨੂੰ ਜਾਅਲੀ ਬੈਂਕ ਰਸੀਦਾਂ ਦੇ ਕੇ ਚੂਨਾ ਲਾਇਆ ਹੈ। ਇਸ ਕੇਸ ਦੀ ਜਾਂਚ ਡੀ. ਐੱਸ. ਪੀ. (ਪੜਤਾਲ) ਖੰਨਾ ਵੱਲੋਂ ਕਰਨ 'ਤੇ ਡੀ. ਏ. ਲੀਗਲ ਦੀ ਰਾਇ ਹਾਸਲ ਕਰਨ ਤੋਂ ਬਾਅਦ ਉਕਤ ਐਡਵੋਕੇਟ ਲੋਟੇ ਤੇ ਉਸਦੀ ਪਤਨੀ ਖਿਲਾਫ ਉਕਤ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਅਨੁਸਾਰ ਕਥਿਤ ਦੋਸ਼ੀਆਂ ਨੇ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਅਤੇ ਉਨ੍ਹਾਂ ਦੀਆਂ ਪਰਿਵਾਰਕ ਫਰਮਾਂ ਨਾਲ ਕਰੋੜ ਰੁਪਏ ਤੋਂ ਵੱਧ ਦੀਆਂ ਜਾਅਲੀ ਬੈਂਕ ਰਸੀਦਾਂ ਬਣਾ ਕੇ ਧੋਖਾਦੇਹੀ ਕੀਤੀ ਹੈ। ਇਸ ਮਾਮਲੇ ਦੀ ਅੱਗੇ ਦੀ ਜਾਂਚ ਏ. ਐੱਸ. ਆਈ. ਪਵਿੱਤਰ ਸਿੰਘ ਕਰ ਰਹੇ ਹਨ। ਪੁਲਸ ਅਨੁਸਾਰ ਕਥਿਤ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਪੁਲਸ ਵੱਲੋਂ ਵੱਡੇ ਪੱਧਰ 'ਤੇ ਭਾਲ ਕੀਤੀ ਜਾ ਰਹੀ ਹੈ।
ਕਿਸੇ ਦੀ ਬੇਇੱਜ਼ਤੀ ਕਰਨ ਦਾ ਨਹੀਂ ਸੀ ਇਰਾਦਾ : ਮਨਪ੍ਰੀਤ ਬਾਦਲ
NEXT STORY