ਰਾਜਪੁਰਾ (ਇਕਬਾਲ) - ਰਾਜਪੁਰਾ ਓਵਰ ਬ੍ਰਿਜ ਨੇੜੇ ਸਥਿਤ ਮਾਰਕੀਟ ਵਿਖੇ ਇਕ ਟ੍ਰੈਵਲ ਏਜੰਟ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੁੱਟ ਕਰਨ ਦੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਟਰੈਵਲ ਏਜੰਟ ਵੱਲੋਂ ਰਾਤ ਦੇ ਹਨੇਰੇ ਵਿਚ ਦਫਤਰ 'ਚ ਪਏ ਰਿਕਾਰਡ ਅਤੇ ਫਰਨੀਚਰ ਸਮੇਤ ਹੋਰ ਸਾਮਾਨ ਲੈ ਕੇ ਰਫੂਚੱਕਰ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕੈਲੀਬਰ ਮਾਰਕੀਟ ਵਿਖੇ ਇਕ ਵਿਅਕਤੀ ਨੇ ਕੁਝ ਮਹੀਨੇ ਪਹਿਲਾਂ ਦਫਤਰ ਖੋਲ੍ਹਿਆ। ਵਿਦੇਸ਼ ਭੇਜਣ ਦਾ ਇਸ਼ਤਿਹਾਰ ਅਖਬਾਰਾਂ ਵਿਚ ਛਪਵਾਉਣ ਤੋਂ ਬਾਅਦ ਨੌਜਵਾਨਾਂ ਨੇ ਆਪਣੇ ਪਾਸਪੋਰਟ ਸਮੇਤ ਬਾਹਰ ਜਾਣ ਲਈ ਰਾਸ਼ੀ ਵੀ ਏਜੰਟ ਨੂੰ ਦਿੱਤੀ। ਉਸ ਵੱਲੋਂ ਨਾ ਤਾਂ ਨੌਜਵਾਨਾਂ ਨੂੰ ਬਾਹਰ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ 'ਤੇ ਕੁਲਜੀਤ ਸਿੰਘ, ਮਨਪ੍ਰੀਤ ਸਿੰਘ, ਤਰਵਿੰਦਰ ਸਿੰਘ, ਮਾਮੂ ਖਾਨ, ਗੁਰਮੀਤ ਸਿੰਘ ਤੇ ਬਲਜਿੰਦਰ ਸਿੰਘ ਨੇ ਉਨ੍ਹਾਂ ਨਾਲ ਏਜੰਟ 'ਤੇ ਲੱਖਾਂ ਰੁਪਏ ਦੀ ਧੋਖਾਦੇਹੀ ਦਾ ਦੋਸ਼ ਲਾਉਂਦੇ ਹੋਏ ਸਾਂਝੇ ਤੌਰ 'ਤੇ ਇਕ ਲਿਖਤੀ ਸ਼ਿਕਾਇਤ ਸਿਟੀ ਥਾਣਾ ਰਾਜਪੁਰਾ ਨੂੰ ਦਿੱਤੀ।
ਨੌਜਵਾਨਾਂ ਨੇ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਨ੍ਹਾਂ ਤੋਂ 20 ਤੋਂ 40 ਹਜ਼ਾਰ ਰੁਪਏ ਤੇ ਪਾਸਪੋਰਟ ਲੈ ਲਏ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਪੁਲਸ ਟ੍ਰੈਵਲ ਏਜੰਟ ਦੇ ਦਫਤਰ ਪਹੁੰਚੀ ਤਾਂ ਮਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਇਕ ਕਰਮਚਾਰੀ ਨੂੰ ਹਿਰਾਸਤ ਵਿਚ ਲੈ ਲਿਆ। ਪੁਲਸ ਕੋਲੋਂ ਸਮਝੌਤਾ ਕਰਨ ਦਾ ਸਮਾਂ ਮੰਗ ਕੇ ਟਰੈਵਲ ਏਜੰਟ ਅਤੇ ਹੋਰ ਅਧਿਕਾਰੀ ਬੀਤੀ ਰਾਤ ਦਫਤਰ ਦੇ ਕੈਬਿਨਾਂ ਨੂੰ ਤੋੜ ਕੇ ਸਾਰਾ ਰਿਕਾਰਡ, ਏ. ਸੀ. ਅਤੇ ਹੋਰ ਸਾਮਾਨ ਲੈ ਕੇ ਰਫੂਚੱਕਰ ਹੋ ਗਏ।
ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਦੇ ਇੰਚਾਰਜ ਗੁਰਚਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਪੁਲਸ ਨੂੰ ਉਕਤ ਮਾਮਲੇ ਵਿਚ ਸ਼ਿਕਾਇਤ ਕੀਤੀ ਸੀ, ਉਨ੍ਹਾਂ ਦਾ ਏਜੰਟ ਨਾਲ ਸਮਝੌਤਾ ਹੋ ਗਿਆ ਹੈ। ਕਿਸੇ ਹੋਰ ਵਿਅਕਤੀ ਦੀ ਇਸ ਮਾਮਲੇ ਵਿਚ ਕੋਈ ਸ਼ਿਕਾਇਤ ਨਹੀਂ ਆਈ। ਇਸ ਸਬੰਧੀ ਡੀ. ਐੈੱਸ. ਪੀ. ਰਾਜਪੁਰਾ ਕ੍ਰਿਸ਼ਨ ਪਾਂਥੇ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਆਪ ਜਾਂਚ ਕਰਨਗੇ।
ਜ਼ਮੀਨੀ ਝਗੜੇ ਦੌਰਾਨ ਮਹਿਲਾ ਸਮੇਤ 2 ਜ਼ਖਮੀ
NEXT STORY