ਲੁਧਿਆਣਾ (ਰਾਜ)- ਵਿਦੇਸ਼ੀ ਇਲੈਕਟ੍ਰਾਨਿਕ ਗੈਜੇਟਸ ਅਤੇ ਆਈਫੋਨ ਦੀ ਦਰਾਮਦ-ਬਰਾਮਦ ਦੇ ਨਾਂ ’ਤੇ ਵਪਾਰੀਆਂ ਨੂੰ ਚੂਨਾ ਲਗਾਉਣ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਚੀਨ ਤੋਂ ਸਸਤੇ ਸੈਕਿੰਡ-ਹੈਂਡ ਆਈਫ਼ੋਨ ਮੰਗਵਾ ਕੇ ਭਾਰਤ ਦੇ ਬਾਜ਼ਾਰ ਵਿਚ ਮੋਟੇ ਮੁਨਾਫ਼ੇ ’ਤੇ ਵੇਚਣ ਦਾ ਲਾਲਚ ਦੇ ਕੇ ਇਕ ਵਿਅਕਤੀ ਨਾਲ 22 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ।
ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਕਰਵਾਈ ਗਈ ਲੰਮੀ ਤੇ ਗਹਿਨ ਪੜਤਾਲ ਤੋਂ ਬਾਅਦ ਸੁਨੀਲ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 1 ਦੀ ਪੁਲਸ ਨੇ ਮੁਲਜ਼ਮ ਸੁਰਿੰਦਰ ਸਿੰਘ ਖ਼ਿਲਾਫ਼ ਧੋਖਾਦੇਹੀ ਅਤੇ ਅਮਾਨਤ ਵਿਚ ਖ਼ਿਆਨਤ ਦੀਆਂ ਧਾਰਾਵਾਂ ਤਹਿਤ ਅਪਰਾਧਿਕ ਮੁਕੱਦਮਾ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਸੁਨੀਲ ਕੁਮਾਰ ਨੇ ਦੋਸ਼ ਲਾਇਆ ਸੀ ਕਿ ਸੁਰਿੰਦਰ ਸਿੰਘ ਨਾਮਕ ਵਿਅਕਤੀ ਨੇ ਉਸ ਨਾਲ ਜਾਣ-ਪਛਾਣ ਵਧਾਈ ਅਤੇ ਖ਼ੁਦ ਨੂੰ ਵੱਡੇ ਅੰਤਰਰਾਸ਼ਟਰੀ ਇਲੈਕਟ੍ਰਾਨਿਕ ਵਪਾਰ ਨਾਲ ਜੁੜਿਆ ਹੋਇਆ ਦੱਸਿਆ। ਮੁਲਜ਼ਮ ਨੇ ਦਾਅਵਾ ਕੀਤਾ ਕਿ ਉਸ ਦੀ ਚੀਨ ਵਿਚ ਸਿੱਧੀ ਪਹੁੰਚ ਹੈ, ਜਿਥੋਂ ਉਹ ਭਾਰੀ ਮਾਤਰਾ ਵਿਚ ਸੈਕਿੰਡ-ਹੈਂਡ ਤੇ ਰੀਫ਼ਰਬਿਸ਼ਡ ਆਈਫ਼ੋਨ ਬੇਹੱਦ ਸਸਤੇ ਰੇਟਾਂ ’ਤੇ ਭਾਰਤ ਮੰਗਵਾਉਂਦਾ ਹੈ ਅਤੇ ਇਥੇ ਉਨ੍ਹਾਂ ਨੂੰ ਉੱਚੇ ਰੇਟਾਂ ’ਚ ਵੇਚ ਕੇ ਮੋਟਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਮੁਲਜ਼ਮ ਸੁਰਿੰਦਰ ਸਿੰਘ ਦੇ ਮਿੱਠੇ ਝਾਂਸੇ ਅਤੇ ਵਪਾਰਕ ਮੁਨਾਫ਼ੇ ਦੇ ਵਾਅਦਿਆਂ ਵਿਚ ਆ ਕੇ ਪੀੜਤ ਸੁਨੀਲ ਕੁਮਾਰ ਨੇ ਵਪਾਰ ਵਿਚ ਭਾਈਵਾਲੀ ਤਹਿਤ ਵੱਖ-ਵੱਖ ਸਮੇਂ ’ਤੇ ਕੁੱਲ 22 ਲੱਖ 20 ਹਜ਼ਾਰ ਰੁਪਏ ਦੀ ਰਕਮ ਮੁਲਜ਼ਮ ਦੇ ਹਵਾਲੇ ਕਰ ਦਿੱਤੀ। ਪੂਰੀ ਰਕਮ ਹਾਸਲ ਕਰਨ ਤੋਂ ਬਾਅਦ ਮੁਲਜ਼ਮ ਨੇ ਮਾਲ ਦੀ ਖੇਪ ਮੰਗਵਾਉਣ ਦੇ ਨਾਂ ’ਤੇ ਟਾਲ-ਮਟੋਲ ਸ਼ੁਰੂ ਕਰ ਦਿੱਤੀ।
ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਚੀਨ ਤੋਂ ਕੋਈ ਆਈਫ਼ੋਨ ਨਾ ਆਇਆ ਅਤੇ ਨਾ ਹੀ ਨਿਵੇਸ਼ ਦਾ ਕੋਈ ਹਿਸਾਬ ਦਿੱਤਾ ਗਿਆ, ਤਾਂ ਸੁਨੀਲ ਕੁਮਾਰ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ। ਜਦੋਂ ਪੀੜਤ ਨੇ ਆਪਣੀ ਪੂਰੀ 22. 20 ਲੱਖ ਰੁਪਏ ਦੀ ਰਕਮ ਵਾਪਸ ਮੰਗੀ ਤਾਂ ਮੁਲਜ਼ਮ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਜਾਣਬੁੱਝ ਕੇ ਮੁਦਈ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ।
ਇਸ ਤੋਂ ਬਾਅਦ ਸੁਨੀਲ ਕੁਮਾਰ ਨੇ ਪੁਲਸ ਪ੍ਰਸ਼ਾਸਨ ਕੋਲ ਗੁਹਾਰ ਲਗਾਈ। ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਦਰਬਾਰ ਸਾਹਿਬ ਪੁੱਜੇ ਜਰਮਨ ਸਿਆਸੀ ਆਗੂ ਗੁਰਦੀਪ ਰੰਧਾਵਾ, ਪੰਜਾਬੀ ਨੌਜਵਾਨਾਂ ਨੂੰ ਦਿੱਤੀ ਇਹ ਵੱਡੀ ਨਸੀਹਤ
NEXT STORY