ਹਲਵਾਰਾ (ਮਨਦੀਪ) : ਫ਼ੌਜ 'ਚ ਭਰਤੀ ਦੇ ਨਾਂ 'ਤੇ 60-70 ਨੌਜਵਾਨਾਂ ਨਾਲ ਹੋਈ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਸਾਹਮਣੇ ਇਸ ਗੱਲ ਦਾ ਭੇਤ ਉਦੋਂ ਖੁੱਲ੍ਹਿਆ, ਜਦੋਂ ਉਹ ਫ਼ੌਜ ਦੀ ਵਰਦੀ ਪਾ ਕੇ ਏਅਰ ਫੋਰਸ ਸਟੇਸ਼ਨ ਹਲਵਾਰਾ ਦੇ ਮੁੱਖ ਗੇਟ ’ਤੇ ਪਹੁੰਚੇ। ਏਅਰ ਫੋਰਸ ਹਲਵਾਰਾ ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਕਰਨ ਉਪਰੰਤ ਇਹ ਸਾਰਾ ਮਾਮਲਾ ਸਥਾਨਕ ਥਾਣਾ ਸੁਧਾਰ ਦੇ ਧਿਆਨ 'ਚ ਲਿਆਂਦਾ ਗਿਆ।
ਥਾਣਾ ਸੁਧਾਰ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜਦੋਂ ਉਨ੍ਹਾਂ ਨੇ ਨੌਜਵਾਨਾਂ ਨੂੰ ਪੁੱਛਿਆ ਤਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੌਜ ਦੇ ਇਕ ਲੈਫਟੀਨੈਂਟ ਕਰਨਲ ਸੰਦੀਪ ਗਿੱਲ ਵੱਲੋਂ ਫ਼ੌਜ 'ਚ ਭਰਤੀ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਉਸ ਨੇ ਹੀ ਇਹ ਵਰਦੀਆਂ ਦਿੱਤੀਆਂ ਸਨ, ਜੋ ਉਨ੍ਹਾਂ ਪਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲੈਫਟੀਨੈਂਟ ਦੇ ਸੁਨੇਹੇ ਮੁਤਾਬਕ ਉਹ ਇੱਥੇ ਪੁੱਜੇ ਸਨ ਕਿ ਇੱਥੋਂ ਉਨ੍ਹਾਂ ਨੂੰ ਰੁੜਕੀ ਦੇ ਟਰੇਨਿੰਗ ਸੈਂਟਰ 'ਚ ਸਰਕਾਰੀ ਗੱਡੀਆਂ ਰਾਹੀਂ ਲੈ ਕੇ ਜਾਣਾ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ 10-12 ਵਿਅਕਤੀਆਂ ਨੇ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ, ਜਿਸ ਦੀ ਜਾਂਚ ਉਹ ਖੁਦ ਕਰ ਰਹੇ ਹਨ। ਉਨ੍ਹਾਂ ਕਥਿਤ ਕੈਪਟਨ ਸੰਦੀਪ ਗਿੱਲ ਦਾ ਫੋਨ ਨੰਬਰ ਵੀ ਦਿੱਤਾ ਸੀ, ਜੋ ਬੰਦ ਆ ਰਿਹਾ ਹੈ। ਥਾਣਾ ਮੁਖੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਨੌਜਵਾਨਾਂ ਨਾਲ ਠੱਗੀ ਡੇਹਲੋਂ ਅਤੇ ਬਰਨਾਲਾ ਇਲਾਕੇ 'ਚ ਹੋਈ ਹੈ। ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਹੈ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਤਫਤੀਸ਼ ਉਪਰੰਤ ਹੀ ਪਤਾ ਲੱਗੇਗਾ ਕਿ ਇਨ੍ਹਾਂ ਅਤੇ ਹੋਰਨਾ ਨੌਜਵਾਨਾਂ ਨਾਲ ਕਿੰਨੇ ਲੱਖਾਂ ਦੀ ਠੱਗੀ ਹੋਈ ਹੈ।
ਕਾਲੇ ਕਾਨੂੰਨਾਂ ਖਿਲਾਫ਼ ਕਾਲੇ ਕੱਪੜੇ ਪਾ ਕੇ ਸੜਕਾਂ 'ਤੇ ਉਤਰੇ ਕਿਸਾਨ
NEXT STORY