ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ ਤੋਂ ਲਾਪਤਾ ਹੋਏ 2 ਨੌਜਵਾਨ ਵਿਦਿਆਰਥੀ ਅਤੇ ਇਕ ਲੁਧਿਆਣਾ ਤੋਂ ਉਨ੍ਹਾਂ ਦੇ ਦੋਸਤ ਨੂੰ ਖੰਨਾ ਪੁਲਸ ਨੇ ਰਾਜਸਥਾਨ ਪੁਲਸ ਦੀ ਮੱਦਦ ਨਾਲ ਸੁਰੱਖਿਅਤ ਬਰਾਮਦ ਕਰ ਲਿਆ ਹੈ ਜੋ ਕਿ ਪੁਲਸ ਦੀ ਵੱਡੀ ਸਫ਼ਲਤਾ ਹੈ। ਨੌਜਵਾਨਾਂ ਦੀ ਪਛਾਣ ਵਿਦਿਆਰਥੀ ਉਤਕਰਸ਼ ਤੇ ਵਰੁਣ ਕੁਮਾਰ ਵਾਸੀਆਨ ਮਾਛੀਵਾੜਾ ਸਾਹਿਬ ਅਤੇ ਮੋਹਿਤ ਵਾਸੀ ਗਿੱਲ ਰੋਡ ਲੁਧਿਆਣਾ ਵਜੋਂ ਹੋਈ ਹੈ। ਖੰਨਾ ਦੇ ਐੱਸ.ਐੱਸ.ਪੀ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ 20 ਅਗਸਤ ਨੂੰ ਵਰੁਣ ਆਪਣੇ ਘਰੋਂ ਕਾਰ ਲੈ ਕੇ ਆਪਣੇ ਦੋਸਤ ਉਤਕਰਸ਼ ਅਤੇ ਮੋਹਿਤ ਕੁਮਾਰ ਨਾਲ ਜੈਪੁਰ, ਰਾਜਸਥਾਨ ਲਈ ਚਲਾ ਗਿਆ ਸੀ। ਤਿੰਨਾਂ ਨੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ, ਜਿਸ ਕਾਰਨ ਪਰਿਵਾਰਕ ਮੈਂਬਰ ਕਾਫੀ ਚਿੰਤਾ ’ਚ ਪੈ ਗਏ। ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕੀਤੀ।
ਪੁਲਸ ਨੇ ਜੀਮੇਲ ਆਈ.ਡੀਜ਼ ਨਾਲ ਜੁੜੇ ਤਕਨੀਕੀ ਸੁਰਾਗਾਂ ਦੀ ਮੱਦਦ ਨਾਲ ਨੌਜਵਾਨਾਂ ਦੀ ਸਹੀ ਲੋਕੇਸ਼ਨ ਰਾਜਸਥਾਨ ’ਚ ਟਰੇਸ ਕੀਤੀ। ਇਸ ਤੋਂ ਬਾਅਦ ਖੰਨਾ ਪੁਲਸ ਨੇ ਰਾਜਸਥਾਨ ਪੁਲਸ ਨਾਲ ਸੰਪਰਕ ਕਰਕੇ ਲੋਕੇਸ਼ਨ ਸਾਂਝੀ ਕੀਤੀ। ਰਾਜਸਥਾਨ ਪੁਲਸ ਨੇ ਛਾਪੇਮਾਰੀ ਕਰਕੇ ਤਿੰਨਾਂ ਨੂੰ ਉਨ੍ਹਾਂ ਦੇ ਰਾਜਸਥਾਨ ਰਹਿੰਦੇ ਦੋਸਤ ਸ਼ਿਖਰ ਦੇ ਘਰੋਂ ਬਰਾਮਦ ਕਰ ਲਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ.ਡੀ.ਆਰ. ਵਿਸ਼ਲੇਸ਼ਣ ਅਤੇ ਆਈ.ਐੱਮ.ਈ.ਆਈ. ਸਰਚ ਸਮੇਤ ਵੱਖ-ਵੱਖ ਤਕਨੀਕੀ ਤਰੀਕਿਆਂ ਰਾਹੀਂ ਪੁਲਸ ਨੌਜਵਾਨਾਂ ਤੱਕ ਪਹੁੰਚੀ। ਜਾਂਚ ਦੌਰਾਨ ਆਨਲਾਈਨ ਗੇਮ ਨਾਲ ਜੁੜੀ ਪ੍ਰੋਫਾਈਲ ਅਤੇ ਜੀਮੇਲ ਤੋਂ ਮਿਲੇ ਆਈ.ਐੱਮ.ਈ.ਆਈ. ਨੰਬਰ ਨੇ ਵੀ ਪੁਲਸ ਦੀ ਮੱਦਦ ਕੀਤੀ। ਪੁਲਸ ਦੀ ਮੁੱਢਲੀ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਤਿੰਨੇ ਨੌਜਵਾਨ ਆਪਣੇ ਮਾਪਿਆਂ ਵੱਲੋਂ ਫ੍ਰੀ ਫਾਇਰ ਗੇਮ ਖੇਡਣ ਤੋਂ ਰੋਕਣ ਕਾਰਨ ਘਰੋਂ ਨਿਕਲੇ ਸਨ।
ਦੇਸ ਦੇ ਵੱਖ-ਵੱਖ ਹਿੱਸਿਆਂ ’ਚ ਆਨਲਾਈਨ ਗੇਮ ਨਾਲ ਜੁੜੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਸਨ
ਮਾਛੀਵਾੜਾ ਤੋਂ ਲਾਪਤਾ ਹੋਏ 2 ਨੌਜਵਾਨ ਵਿਦਿਆਰਥੀ ਉਤਕਰਸ਼ ਅਤੇ ਵਰੁਣ ਕੁਮਾਰ ਫ੍ਰੀ ਫਾਇਰ ਗੇਮ ਖੇਡਣ ਦੀ ਬਹੁਤ ਆਦਤ ਸੀ। ਜਾਣਕਾਰੀ ਅਨੁਸਾਰ ਉਹ ਜ਼ਿਆਦਾਤਰ ਸਮਾਂ ਗੇਮ ਖੇਡਣ ਵਿਚ ਹੀ ਗੁਜ਼ਾਰਦੇ ਸਨ। ਜਾਣਕਾਰੀ ਇਹ ਵੀ ਮਿਲੀ ਹੈ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਆਪਣੇ ਆਨਲਾਈਨ ਗੇਮਿੰਗ ਦੋਸਤਾਂ ਨੂੰ ਮਿਲਣਾ ਚਾਹੁੰਦੇ ਸਨ ਅਤੇ ਇਸ ਦੌਰਾਨ ਹਰਿਦੁਆਰ ਤੇ ਕੇਦਾਰਨਾਥ ਜਾਣ ਦੀ ਵੀ ਯੋਜਨਾ ਬਣਾਈ ਸੀ। ਤਿੰਨਾਂ ਦੇ ਰਾਜਸਥਾਨ ’ਚ ਟਰੇਸ ਹੋਣ ਤੋਂ ਬਾਅਦ ਖੰਨਾ ਪੁਲਸ ਦੀ ਇੱਕ ਟੀਮ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਰਾਜਸਥਾਨ ਰਵਾਨਾ ਕੀਤੀ ਗਈ ਜੋ ਅੱਜ ਸ਼ਾਮ ਤੱਕ ਮਾਛੀਵਾੜਾ ਪਹੁੰਚ ਜਾਣਗੇ।
ਪੁਲਸ ਨੂੰ ਕਰਨੀ ਪਈ ਬਹੁਤ ਮੁਸ਼ੱਕਤ
ਮਾਛੀਵਾੜਾ ਦੇ 2 ਨੌਜਵਾਨਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਜਦੋਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਤਾਂ ਇਸ ਸਬੰਧੀ ਮਾਪਿਆਂ ਵਲੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਸ ਨੂੰ ਬਹੁਤ ਮੁਸ਼ੱਕਤ ਕਰਨੀ ਪਈ। ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਦਰਪਣ ਆਹੂਲਵਾਲੀਆ ਨੇ ਡੀ.ਐੱਸ.ਪੀ. ਪ੍ਰਿਤਪਾਲ ਸਿੰਘ ਅਤੇ ਥਾਣਾ ਮੁਖੀ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਟੀਮਾਂ ਬਣਾਈਆਂ ਅਤੇ ਤਕਨੀਕੀ ਢੰਗ ਨਾਲ ਇਨ੍ਹਾਂ ਦੋਵਾਂ ਵਿਦਿਆਰਥੀਆਂ ਨੂੰ ਰਾਜਸਥਾਨ ਤੋਂ ਟਰੇਸ ਕਰ ਲਿਆ।
ਰੱਖੜੀ ਮੌਕੇ ਰਾਹਤ ਭਰੀ ਖਬਰ : ਮਹਾਂ ਹੜਤਾਲ ਦੌਰਾਨ ਬੰਦ ਨਹੀਂ ਕਰਵਾਈਆਂ ਜਾਣਗੀਆਂ ਦੁਕਾਨਾਂ
NEXT STORY