ਚੰਡੀਗੜ੍ਹ (ਬਿਊਰੋ) - ਰਾਜ ਵਿਚ ਟੀ. ਬੀ. ਨੂੰ 2025 ਤੱਕ ਖਤਮ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਟੀ. ਬੀ. ਦੇ ਸ਼ੱਕੀ ਮਰੀਜ਼ਾਂ ਲਈ ਮੁਫਤ ਐਕਸਰੇ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਸਿਧਾਂਤਕ ਤੌਰ 'ਤੇ ਫੈਸਲਾ ਲੈਂਦਿਆਂ ਮਲਟੀ ਡਰੱਗ ਰਜਿਸਟੈਂਟ ਮਰੀਜ਼ਾਂ ਨੂੰ ਮੁਫਤ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਦਾ ਅਹਿਮ ਫੈਸਲਾ ਵੀ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੁਫਤ ਐਕਸਰੇ ਦੀ ਸੁਵਿਧਾ ਸਬੰਧੀ ਹਦਾਇਤਾਂ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸੇਵਾ ਸਰਕਾਰੀ ਹਸਪਤਾਲਾਂ ਵਿਚ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਟੀ. ਬੀ. ਦੇ ਮਲਟੀ ਡਰੱਗ ਰਜਿਸਟੈਂਟ ਮਰੀਜ਼ਾਂ ਨੂੰ ਮੁਫਤ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਦਾ ਵੀ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਟੀ. ਬੀ. ਦੇ ਐੱਮ. ਡੀ. ਆਰ. ਮਰੀਜ਼ਾਂ ਨੂੰ ਤਾਕਤ ਪ੍ਰਦਾਨ ਕਰਨ ਲਈ ਇਹ ਆਹਾਰ ਦਿੱਤਾ ਜਾਵੇਗਾ ਅਤੇ ਇਹ ਮਰੀਜ਼ ਆਟਾ-ਦਾਲ ਸਕੀਮ ਦੇ ਲਾਭ ਲੈਣ ਲਈ ਵੀ ਯੋਗ ਸਮਝੇ ਜਾਣਗੇ। ਇਨ੍ਹਾਂ ਟੀ. ਬੀ. ਦੇ ਐੱਮ. ਡੀ. ਆਰ. ਮਰੀਜ਼ਾਂ ਨੂੰ ਸਰਕਾਰ ਵੱਲੋਂ ਨੀਲੇ ਕਾਰਡ ਵੀ ਜਾਰੀ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਟੀ. ਬੀ. ਇਕ ਅਜਿਹੀ ਬੀਮਾਰੀ ਹੈ, ਜੋ ਇਕ ਤੋਂ ਦੂਜੇ ਵਿਅਕਤੀ ਤੱਕ ਆਸਾਨੀ ਨਾਲ ਫੈਲ ਸਕਦੀ ਹੈ। ਇਸ ਲਈ ਟੀ. ਬੀ. ਦਾ ਸਮੇਂ 'ਤੇ ਪਤਾ ਲਾਉਣ ਅਤੇ ਇਲਾਜ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵਲੋਂ 'ਐਕਟਿਵ ਕੇਸ ਫਾਈਂਡਿੰਗ' ਸਕਰੀਨਿੰਗ ਪ੍ਰੋਗਰਾਮ ਵੀ ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਡਾਟ ਕੇਂਦਰ ਵਿਖੇ ਟੀ. ਬੀ. ਦੇ ਮੁਫਤ ਇਲਾਜ ਤੋਂ ਇਲਾਵਾ ਸਿਹਤ ਵਿਭਾਗ ਨੇ ਨਿਊ ਡੇਲੀ ਡਰੱਗ ਰੈਜ਼ੀਮੇਨ ਪ੍ਰੋਗਰਾਮ ਅਧੀਨ 2572 ਟੀ. ਬੀ. ਦੇ ਮਰੀਜ਼ਾਂ ਨੂੰ ਕਵਰ ਕੀਤਾ ਹੈ, ਜਿਸ ਅਧੀਨ ਇਨ੍ਹਾਂ ਮਰੀਜ਼ਾਂ ਨੂੰ ਹਫਤੇ ਵਿਚ 3 ਵਾਰ ਦਵਾਈ ਦੇਣ ਦੀ ਜਗ੍ਹਾ ਰੋਜ਼ਾਨਾ ਦਵਾਈ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਤਾਂ ਜੋ ਸਰਕਾਰ ਵਲੋਂ ਟੀ. ਬੀ. ਨੂੰ 2025 ਤੱਕ ਜੜ੍ਹੋਂ ਖਤਮ ਕਰਨ ਦੇ ਟੀਚੇ ਨੂੰ ਪਾਇਆ ਜਾ ਸਕੇ।
ਪਿੰਡ ਦੁੱਗਾਂ 'ਚ ਚੱਲੀ ਗੋਲੀ, 3 ਫੱਟੜ
NEXT STORY