ਲੁਧਿਆਣਾ (ਜ.ਬ.) : ਆਪਣੇ ਦੋਸਤ ਦੇ ਵਿਆਹ ਸਮਾਗਮ ’ਚ ਨੱਚਣਾ ਇਕ ਨੌਜਵਾਨ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਹੋਈ ਤੂੰ-ਤੂੰ ਮੈਂ-ਮੈਂ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਟੁੰਨ ਕੁਝ ਨੌਜਵਾਨਾਂ ਨੇ ਇਕ ਨੌਜਵਾਨ ਦੇ ਸਿਰ ’ਤੇ ਕੱਚ ਦਾ ਗਮਲਾ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ ਅਤੇ ਵਿਆਹ ਸਮਾਗਮ ਵਿਚ ਹੰਗਾਮਾ ਮਚ ਗਿਆ। ਮਾਮਲਾ ਦਾਣਾ ਮੰਡੀ ਸਥਿਤ ਇਕ ਮੈਰਿਜ ਪੈਲੇਸ ਦਾ ਹੈ। ਦੱਸ ਦੇਈਏ ਕਿ ਇਹ ਮਾਮਲਾ 14 ਨਵੰਬਰ 2021 ਦਾ ਹੈ, ਜਿਸ ’ਤੇ ਥਾਣਾ ਸ਼ਿਮਲਾਪੁਰੀ ਪੁਲਸ ਨੇ ਡੇਢ ਮਹੀਨੇ ਬਾਅਦ ਜਾ ਕੇ ਸ਼ਿਕਾਇਤਕਰਤਾ ਅਜੇ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਨਿਊ ਜਨਤਾ ਨਗਰ ਦੀ ਸ਼ਿਕਾਇਤ ’ਤੇ ਮੁਲਜ਼ਮ ਮੁਕੇਸ਼ ਕੁਮਾਰ, ਸਰਮੀਤ ਕੁਮਾਰ, ਸੰਗਰਾਮ ਸਮੇਤ 2-3 ਅਣਪਛਾਤੇ ਵਿਅਕਤੀਆਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੀੜਤ ਅਜੇ ਕੁਮਾਰ ਨੇ ਦੱਸਿਆ ਕਿ 14 ਨਵੰਬਰ ਨੂੰ ਮੈਂ ਆਪਣੇ ਦੋਸਤ ਦੇ ਵਿਆਹ ਵਿਚ ਗਿਆ ਹੋਇਆ ਸੀ, ਜਿੱਥੇ ਕੁਝ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਮੇਰੇ ਨਾਲ ਬਦਤਮੀਜ਼ੀ ਕਰਨ ਲੱਗੇ ਤਾਂ ਮੈਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੇ ’ਤੇ ਹਮਲਾ ਕਰ ਕੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮੇਰੇ ਪਰਿਵਾਰ ਵਾਲਿਆਂ ਨੇ ਮੈਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਨੂੰ ਰਿਪੋਰਟ ਲਿਖਵਾਈ ਸੀ ਪਰ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਲਾਪ੍ਰਵਾਹੀ ਵਰਤਦੇ ਹੋਏ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਵਿਚ ਹੀ ਡੇਢ ਮਹੀਨਾ ਲਗਾ ਦਿੱਤਾ, ਜਿਸ ਨਾਲ ਮੈਂ ਬਹੁਤ ਪ੍ਰੇਸ਼ਾਨ ਰਿਹਾ।
ਉਨ੍ਹਾਂ ਕਿਹਾ ਕਿ ਜੇਕਰ ਪੁਲਸ ਦਾ ਰਵੱਈਆ ਅਜਿਹਾ ਹੀ ਰਹੇਗਾ ਤਾਂ ਲੋਕਾਂ ਦਾ ਪੁਲਸ ਤੋਂ ਭਰੋਸਾ ਉੱਠ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ਕਾਰਨ ਉਹ ਸ਼ਰੇਆਮ ਘੁੰਮ ਰਹੇ ਹਨ। ਇਸ ਸਬੰਧੀ ਜਦੋਂ ਜਾਂਚ ਅਧਿਕਾਰੀ ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਆਹ ਸਮਾਗਮ ’ਚ ਝਗੜੇ ਦੌਰਾਨ ਜ਼ਖਮੀ ਅਜੇ ਕੁਮਾਰ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਵਿਰੁੱਧ ਧਾਰਾ 324, 341, 506, 34 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਗੁਰਦੁਆਰਾ ਬਾਬਾ ਚਰਨਦਾਸ ’ਤੇ ਅੱਧੀ ਰਾਤ ਨੂੰ ਹਥਿਆਰਾਂ ਦੀ ਨੋਕ ’ਤੇ ਹੋਇਆ ਕਬਜ਼ਾ (ਵੀਡੀਓ)
NEXT STORY