ਰੋਪੜ/ਨੂਰਪੁਰਬੇਦੀ (ਵੈੱਬ ਡੈਸਕ, ਭੰਡਾਰੀ, ਚੋਵੇਸ਼ ਲਟਾਵਾ)— ਜੰਮੂ-ਕਸ਼ਮੀਰ ਦੇ ਪੁੰਛ ’ਚ ਅੱਤਵਾਦੀਆਂ ਨਾਲ ਸੋਮਵਾਰ ਨੂੰ ਮੁਕਾਬਲੇ ਦੌਰਾਨ ਸ਼ਹੀਦ ਹੋਏ ਗੱਜਣ ਸਿੰਘ ਦੀ ਅੱਜ ਮਿ੍ਰਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਪਚਰੰਡਾ ਵਿਖੇ ਪਹੁੰਚ ਚੁੱਕੀ ਹੈ। ਸ਼ਹੀਦ ਦੀ ਸ਼ਹਾਦਤ ਬਾਰੇ ਪਤਾ ਲੱਗਣ ’ਤੇ ਜਿੱਥੇ ਪਰਿਵਾਰ ’ਚ ਸੋਗ ਦੀ ਲਹਿਰ ਛਾਈ ਹੋਈ ਹੈ, ਉਥੇ ਹੀ ਪੂਰੇ ਇਲਾਕੇ ’ਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਦੇਸ਼ ਦੇ ਲਈ ਆਪਣੀ ਕੁਰਬਾਨੀ ਦੇਣ ਵਾਲੇ ਗੱਜਣ ਸਿੰਘ ਨੂੰ ਉਨ੍ਹਾਂ ਦੀ ਸ਼ਹਾਦਤ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਮਾਣ ਵੀ ਹੈ।
ਗੱਜਣ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਸੈਲਾਬ ਉਮੜਿਆ । ਚੂੜੇ ਵਾਲੇ ਹੱਥਾਂ ਨਾਲ ਸ਼ਹੀਦ ਦੀ ਪਤਨੀ ਨੇ ਆਪਣੇ ਫ਼ੌਜੀ ਪਤੀ ਨੂੰ ਸਲੂਟ ਮਾਰਦੇ ਹੋਏ ਆਖ਼ਰੀ ਵਿਦਾਈ ਦਿੱਤੀ। ਮਾਹੌਲ ਵੇਖ ਹਰ ਕਿਸੇ ਦੀ ਅੱਖ ਨਮ ਸੀ।
ਇਸ ਦੌਰਾਨ ਅੰਤਿਮ ਰਸਮਾਂ ਪੂਰੀਆਂ ਰੋਣ ਉਪਰੰਤ ਗੱਜਣ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪੰਜਾਬ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ, ਸਪੀਕਰ ਰਾਣਾ ਕੇ. ਪੀ. ਅਤੇ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ।
ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਗੱਜਣ ਸਿੰਘ ਦੀ ਮਿ੍ਰਤਕ ਦੇਹ ਨੂੰ ਮੋਢਾ ਵੀ ਦਿੱਤਾ। ਉਨ੍ਹਾਂ ਤੋਂ ਇਲਾਵਾ ਅੰਤਿਮ ਯਾਤਰਾ ’ਚ ਕਈ ਰਾਜਨੀਤਿਕ ਸਖ਼ਸ਼ੀਅਤਾਂ ਤੋਂ ਇਲਾਵਾ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਅਤੇ ਸਿਵਲ ਅਧਿਕਾਰੀਆਂ ਸਹਿਤ ਲੋਕਾਂ ਦਾ ਭਾਰੀ ਜਨ ਸੈਲਾਬ ਉਮੜਿਆ।
ਜ਼ਿਕਰਯੋਗ ਹੈ ਕਿ 11 ਅਕਤੂਬਰ ਨੂੰ ਪੁੰਛ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਪੰਜਾਬ ਦੇ 5 ਸੈਨਿਕ ਸ਼ਹੀਦ ਹੋ ਗਏ ਸਨ, ਜਿਨਾਂ ’ਚ 23 ਸਿੱਖ ਰੈਜੀਮੈਂਟ ਦਾ ਜਵਾਨ ਗੱਜਣ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਅੱਜ 2 ਦਿਨਾਂ ਬਾਅਦ ਸੈਨਿਕ ਦੀ ਮ੍ਰਿਤਕ ਦੇਹ ਨੂੰ ਤਿਰੰਗੇ ’ਚ ਲਪੇਟ ਕੇ ਉਨ੍ਹਾਂ ਦੇ ਜੱਦੀ ਪਿੰਡ ਪਚਰੰਡਾ ਵਿਖੇ ਲਿਆਂਦਾ ਗਿਆ, ਜਿੱਥੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਲੋਕਾਂ ਨੇ ਸ਼ਹੀਦ ਦੇ ਅੰਤਿਮ ਦਰਸ਼ਨ ਕੀਤੇ। ਇਸ ਤੋਂ ਉਪਰੰਤ ਸ਼ਹੀਦ ਦੀ ਦੇਹ ਨੂੰ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ, ਜਿੱਥੇ ਸੈਨਾ ਦੀ ਟੁੱਕੜੀ ਨੇ ਹਵਾਈ ਫਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ।
ਇਸ ਤੋਂ ਉਪਰੰਤ ਫ਼ੌਜ ਅਤੇ ਜ਼ਿਲ੍ਹੇ ਦੇ ਤਮਾਮ ਅਧਿਕਾਰੀਆਂ ਵੱਲੋ ਸ਼ਰਧਾਂਜ਼ਲੀ ਦੇਣ ਉਪਰੰਤ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜ਼ਲੀ ਦਿੱਤੀ। ਇਸ ਦੌਰਾਨ ਲੋਕਾਂ ਵੱਲੋਂ 'ਸ਼ਹੀਦ ਗੱਜਣ ਸਿੰਘ ਅਮਰ ਰਹੇ' ਦੇ ਲਗਾਏ ਜਾ ਨਾਅਰੇ ਸੁਣ ਕੇ ਇਕ ਵਾਰ ਮੁੱਖ ਮੰਤਰੀ ਚੰਨੀ ਦੀਆਂ ਅੱਖਾਂ ’ਚੋਂ ਵੀ ਹੰਝੂ ਛਲਕ ਪਏ।
ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਅੱਤਵਾਦੀਆਂ ਦੇ ਮੁਕਾਬਲੇ ਦੌਰਾਨ ਸ਼ਹੀਦ ਹੋਏ ਭੁਲੱਥ ਦੇ ਜਸਵਿੰਦਰ ਦੀ ਮ੍ਰਿਤਕ ਦੇਹ
ਇਸ ਮੌਕੇ ਉਨ੍ਹਾਂ ਨਾਲ ਪਹੁੰਚੇ ਪੰਜਾਬ ਵਿਧਾਨ ਸਭਾ ਪੰਜਾਬ ਦੇ ਸਪੀਕਰ ਰਾਣਾ. ਕੇ. ਪੀ.ਸਿੰਘ ਨੇ ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜ਼ਲੀ ਦਿੱਤੀ। ਜਦਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਨੇ ਸ਼ਹੀਦ ਦੀ ਮਿ੍ਰਤਕ ਦੇਹ ’ਤੇ ਫੁੱਲਮਾਲਾਵਾਂ ਚੜ੍ਹਾਈਆਂ ਅਤੇ ਸ਼ਹੀਦ ਦੀ ਵਿਧਵਾ ਹਰਪ੍ਰੀਤ ਕੌਰ ਨੂੰ ਸ਼ੋਕ ਪੱਤਰ ਸੌਂਪਿਆ। ਉਪਰੰਤ ਸ਼ਹੀਦ ਦੀ ਚਿਖਾ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਅਗਨੀ ਵਿਖਾਈ।
ਇਸ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾ. ਸੰਸਦ ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਚੈੜੀਆਂ, ਨਗਰ ਪੰਚਾਇਤ ਦੇ ਸਾ. ਪ੍ਰਧਾਨ ਜਗਨ ਨਾਥ ਭੰਡਾਰੀ, ਸਤਨਾਮ ਸਿੰਘ ਝੱਜ, ਬਾਬਾ ਦਿਲਬਾਗ ਸਿੰਘ, ਅਸ਼ਵਨੀ ਸ਼ਰਮਾ, ਮਾ. ਰਾਮਪਾਲ ਅਬਿਆਣਾ, ਮੋਹਣ ਸਿੰਘ ਨੌਧੇਮਾਜਰਾ, ਤਿਲਕ ਰਾਜ ਪਚਰੰਡਾ, ਭਾਈ ਅਮਰਜੀਤ ਸਿੰਘ ਚਾਵਲਾ, ਦੇਸਰਾਜ ਸੈਣੀਮਾਜਰਾ, ਜਸਵੀਰ ਸਸਕੌਰ ਤੇ ਜੀਵਨ ਕੁਮਾਰ ਸੰਜੂ ਸਹਿਤ ਭਾਰੀ ਸੰਖਿਆ ’ਚ ਸਖਸ਼ੀਅਤਾਂ ਨੇ ਸ਼ਹੀਦ ਨੂੰ ਸ਼ਰਧਾਂਜ਼ਲੀ ਭੇਟ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਸ਼ਹੀਦ ਦੇ ਪਿਤਾ ਚਰਨ ਸਿੰਘ, ਮਾਤਾ ਮਲਕੀਤ ਕੌਰ, ਪਤਨੀ ਹਰਪ੍ਰੀਤ ਕੌਰ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਦਿਲਾਸਾ ਦਿੰਦਿਆਂ ਆਖਿਆ ਕਿ ਸ਼ਹੀਦ ਗੱਜਣ ਸਿੰਘ ਸਮੇਤ ਸਮੁੱਚੇ ਜਵਾਨਾਂ ਦੀ ਸ਼ਹਾਦਤ ਨੂੰ ਦੇਸ਼ ਵਾਸੀਆਂ ਵੱਲੋਂ ਸਦਾ-ਸਦਾ ਲਈ ਯਾਦ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਉਕਤ ਸੈਨਿਕਾਂ ਦੀ ਸ਼ਹਾਦਤ ਵਾਲੇ ਦਿਨ ਹੀ ਮੁੱਖ ਮੰਤਰੀ ਚੰਨੀ ਵੱਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ਿਆ ਗ੍ਰਾਂਟ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਅਤੇ ਇਸ ਪ੍ਰਕਿਰਿਆ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਨੁਸਾਰ ਸ਼ਹੀਦ ਸੈਨਿਕਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਦਸਤਾਵੇਜ਼ੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਮੇਰੇ ਲੜਕੇ ਦੀ ਸ਼ਹਾਦਤ ਵਿਅਰਥ ਨਹੀਂ ਜਾਣੀ ਚਾਹੀਦੀ : ਪਿਤਾ ਚਰਨ ਸਿੰਘ
ਸ਼ਹੀਦ ਦੇ ਪਿਤਾ ਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਲੜਕੇ ਨੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ ਹੈ, ਜਿਸ ’ਤੇ ਸਾਨੂੰ ਮਾਣ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਮੇਰੇ ਲੜਕੇ ਦੀ ਸ਼ਹੀਦੀ ਅਜਾਈਂ ਨਹੀਂ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਅਜਿਹੇ ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਦਮ ਚੁਕਣੇ ਚਾਹੀਦੇ ਹਨ ਤਾਂ ਜੋ ਸ਼੍ਰੀਨਗਰ ਅਤੇ ਜੰਮੂ ’ਚ ਦਹਿਸ਼ਤ ਦਾ ਸਾਇਆ ਖ਼ਤਮ ਹੋ ਸਕੇ। ਇਸ ਦੌਰਾਨ ਸ਼ਹੀਦ ਦੀ ਮਾਤਾ ਮਲਕੀਤ ਕੌਰ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ, ਜਿਸ ਨੂੰ ਰਿਸ਼ਤੇਦਾਰਾਂ ਵੱਲੋਂ ਸੰਭਾਲਣਾਂ ਮੁਸ਼ਕਿਲ ਹੋ ਰਿਹਾ ਸੀ।
ਅੱਤਵਾਦੀਆਂ ਦੀ ਕਾਇਰਾਨਾ ਕਾਰਵਾਈ ਦਾ ਮੇਰੇ ਪਤੀ ਨੇ ਸ਼ਹਾਦਤ ਨਾਲ ਜਵਾਬ ਦਿੱਤਾ: ਪਤਨੀ ਹਰਪ੍ਰੀਤ ਕੌਰ
ਸ਼ਹੀਦ ਦੀ ਪਤਨੀ ਹਰਪ੍ਰੀਤ ਕੌਰ ਨੇ ਕਿਹਾ ਕਿ ਮੇਰੇ ਪਤੀ ਨੇ ਅੱਤਵਾਦੀਆਂ ਦੀ ਕਾਇਰਾਨਾ ਕਾਰਵਾਈ ਦਾ ਜਵਾਬ ਅਪਣੀ ਸ਼ਹਾਦਤ ਦੇ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਗੱਜਣ ਸਿੰਘ ਦਾ ਜੀਵਨ ਦੇਸ਼ ਅਤੇ ਕੌਮ ਨੂੰ ਸਮਰਪਿਤ ਸੀ ਅਤੇ ਜੋ ਸਦਾ ਸਾਡੇ ਸੀਨੇ ’ਚ ਦਿੱਲ ਬਣ ਕੇ ਧੜਕਦਾ ਰਹੇਗਾ।
ਇਸੇ ਸਾਲ ਫਰਵਰੀ ’ਚ ਹੋਇਆ ਸੀ ਗੱਜਣ ਸਿੰਘ ਦਾ ਵਿਆਹ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਸਹਾਦਤ ਦਾ ਜਾਮ ਪੀਣ ਵਾਲੇ ਗੱਜਣ ਸਿੰਘ ਦਾ ਇਸੇ ਸਾਲ ਫਰਵਰੀ ’ਚ ਹੀ ਵਿਆਹ ਹੋਇਆ ਸੀ। ਗੱਜਣ ਸਿੰਘ ਵਿਆਹ ਮੌਕੇ ਆਪਣੀ ਬਰਾਤ ਟਰੈਕਟਰ ’ਤੇ ਲੈ ਕੇ ਗਏ ਸਨ। ਗੱਜਣ ਸਿੰਘ ਦੀ ਹਮਸਫ਼ਰ ਦੀ ਅਜੇ ਸ਼ਗਨਾ ਦੀ ਮਹਿੰਦੀ ਵੀ ਨਹੀਂ ਸੁੱਕੀ ਸੀ ਕਿ ਪਰਿਵਾਰ ਨੂੰ ਗੱਜਣ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲ ਗਈ।
ਸੈਨਿਕ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਤੋਂ 12ਵੀਂ ਤੱਕ ਸਿੱਖਿਆ ਹਾਸਲ ਕੀਤੀ ਸੀ ਅਤੇ ਸ਼ਿਵਾਲਿਕ ਕਾਲਜ ਨੰਗਲ ਵਿਖੇ ਬੀ. ਏ. ’ਚ ਦਾਖ਼ਲਾ ਲੈਣ ਤੋਂ ਕੁਝ ਸਮੇਂ ਬਾਅਦ ਹੀ ਭਰਤੀ ਹੋਣ ਕਾਰਣ ਪੜ੍ਹਾਈ ਵਿੱਚਕਾਰ ਹੀ ਛੱਡ ਗਿਆ। ਪਿੰਡ ਦੇ ਇਕ ਹੋਰ ਅਧਿਆਪਕ ਰਜਿੰਦਰ ਕੁਮਾਰ ਵਿਸ਼ਨੂੰ ਨੇ ਗੱਲ ਕਰਦਿਆਂ ਦੱਸਿਆ ਕਿ ਸੈਨਿਕ ਗੱਜਣ ਸਿੰਘ ਕਬੱਡੀ ਦੇ ਹੋਣਹਾਰ ਖਿਡਾਰੀ ਸਨ ਅਤੇ ਬਹੁਤ ਹੀ ਸ਼ਾਂਤ ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ। ਚਾਰ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ ਸੈਨਿਕ ਗੱਜਣ ਸਿੰਘ। ਪਿੰਡ ਵਾਸੀਆਂ ਨੂੰ ਉਸ ਦੀ ਸ਼ਹਾਦਤ ’ਤੇ ਮਾਣ ਹੈ।
ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਸਿੱਖ ਮਰਿਯਾਦਾ ਅਨੁਸਾਰ ਧਾਰਮਿਕ ਸਜ਼ਾ ਲਗਾਈ ਜਾਵੇ : ਅਕਾਲੀ ਦਲ (ਅ)
NEXT STORY