ਗੋਨਿਆਣਾ ਮੰਡੀ (ਗੋਰਾ ਲਾਲ) - ਗੋਨਿਆਣਾ ਮੰਡੀ ਦੇ ਇਲਾਕੇ ’ਚ ਚੱਲ ਰਹੀਆਂ ਘਰੇਲੂ ਗੈਸ ਏਜੰਸੀਆਂ ਉੱਤੇ ਗੰਭੀਰ ਦੋਸ਼ ਲੱਗ ਰਹੇ ਹਨ ਕਿ ਉਹ ਆਮ ਲੋਕਾਂ ਨੂੰ ਸ਼ੋਰਟੇਜ ਅਤੇ ਕੇ. ਵਾਈ. ਸੀ. ਦੀ ਕਾਰਵਾਈ ਦਾ ਡਰ ਦਿਖਾ ਕੇ ਖੁੱਲ੍ਹੇਆਮ ਬਲੈਕਮੇਲਿੰਗ ਕਰ ਰਹੀਆਂ ਹਨ। ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਕਈ ਉਪਭੋਗਤਾਵਾਂ ਨੇ ਦੱਸਿਆ ਕਿ ਗੈਸ ਏਜੰਸੀ ਵੱਲੋਂ ਉਨ੍ਹਾਂ ਨੂੰ ਧੱਕੇ ਨਾਲ ਗੈਸ ਪਾਈਪਾਂ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਕੀਮਤ ਲਗਭਗ 190 ਰੁਪਏ ਦੱਸੀ ਜਾਂਦੀ ਹੈ।
ਉਪਭੋਗਤਾਵਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਗਾਹਕ ਪਾਈਪ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਡਰਾਇਆ ਜਾਂਦਾ ਹੈ ਕਿ ਉਸ ਦੀ ਕੇ. ਵਾਈ. ਸੀ. ਪੂਰੀ ਨਹੀਂ ਹੈ ਜਾਂ ਉਸ ਦਾ ਸਿਲੰਡਰ ਰੋਕਿਆ ਜਾ ਸਕਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਇਹ ਸਾਰੀ ਕਾਰਵਾਈ ਸਿਰਫ ਉਨ੍ਹਾਂ ਤੋਂ ਨਾਜਾਇਜ਼ ਪੈਸੇ ਵਸੂਲਣ ਲਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਸ ਸਿਲੰਡਰ ਦੀ ਕੀਮਤ ਨੂੰ ਲੈ ਕੇ ਵੀ ਏਜੰਸੀਆਂ ਦੀ ਮਨਮਾਨੀ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰ ਘਰ ਤਕ ਪਹੁੰਚਾਉਣ ਦਾ ਰੇਟ 952 ਰੁਪਏ ਨਿਰਧਾਰਤ ਕੀਤਾ ਗਿਆ ਹੈ ਪਰ ਗੋਨਿਆਣਾ ਮੰਡੀ ਦੀਆਂ ਕਈ ਏਜੰਸੀਆਂ ਵੱਲੋਂ 952 ਦੀ ਥਾਂ 960 ਰੁਪਏ ਵਸੂਲੇ ਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੇਕਰ ਕੋਈ ਗਾਹਕ ਖੁਦ ਏਜੰਸੀ ਦੇ ਗੋਦਾਮ ’ਤੇ ਜਾ ਕੇ ਸਿਲੰਡਰ ਲੈ ਕੇ ਆਉਂਦਾ ਹੈ, ਤਾਂ ਵੀ ਉਸ ਤੋਂ 960 ਰੁਪਏ ਹੀ ਲਏ ਜਾ ਰਹੇ ਹਨ। ਨਿਯਮਾਂ ਅਨੁਸਾਰ ਜਦੋਂ ਗੈਸ ਏਜੰਸੀ ਨੂੰ ਸਿਲੰਡਰ ਦੀ ਡਲੀਵਰੀ ਲਈ ਲਗਭਗ 33 ਰੁਪਏ ਮਿਲਦੇ ਹਨ, ਤਾਂ ਜੇਕਰ ਗਾਹਕ ਖੁਦ ਗੋਦਾਮ ਤੋਂ ਸਿਲੰਡਰ ਲੈ ਕੇ ਜਾਂਦਾ ਹੈ ਤਾਂ ਉਸ ਨੂੰ ਇਹ 33 ਰੁਪਏ ਛੂਟ ਦੇਣੀ ਚਾਹੀਦੀ ਹੈ ਪਰ ਗੋਨਿਆਣਾ ਮੰਡੀ ਦੀਆਂ ਏਜੰਸੀਆਂ ਵਿਚ ਇਸ ਦਾ ਉਲਟ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ।
ਛੂਟ ਦੇਣ ਦੀ ਬਜਾਏ ਉਲਟ 8 ਰੁਪਏ ਵੱਧ ਵਸੂਲ ਕੇ ਗਾਹਕਾਂ ਨਾਲ ਧੋਖਾਦੇਹੀ ਕੀਤੀ ਜਾ ਰਹੀ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਪਾਈਪਾਂ ਉਨ੍ਹਾਂ ਨੂੰ ਜਬਰਦਸਤੀ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਦਾ ਕੋਈ ਬਿੱਲ ਵੀ ਨਹੀਂ ਕੱਟਿਆ ਜਾਂਦਾ। ਇਸ ਕਾਰਨ ਸ਼ੱਕ ਪੈਦਾ ਹੋ ਰਿਹਾ ਹੈ ਕਿ ਏਜੰਸੀਆਂ ਸਰਕਾਰ ਨਾਲ ਟੈਕਸ ਜਾਂ ਜੀ. ਐੱਸ. ਟੀ. ਦੀ ਵੀ ਠੱਗੀ ਕਰ ਰਹੀਆਂ ਹਨ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਖੁੱਲ੍ਹੇਆਮ ਹੋਣ ਦੇ ਬਾਵਜੂਦ ਸਬੰਧਤ ਮਹਿਕਮਾ ਅੱਖਾਂ ਬੰਦ ਕਰ ਕੇ ਬੈਠਾ ਹੋਇਆ ਹੈ। ਕਈ ਵਾਰ ਮੀਡੀਆ ਵਿਚ ਖਬਰਾਂ ਆਉਣ ਦੇ ਬਾਵਜੂਦ ਵੀ ਕੋਈ ਢੁੱਕਵੀਂ ਕਾਰਵਾਈ ਨਾ ਹੋਣ ਕਾਰਨ ਮਹਿਕਮੇ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠਣ ਲੱਗ ਪਏ ਹਨ। ਲੋਕਾਂ ’ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜਦੋਂ ਇੰਨਾ ਕੁਝ ਖੁੱਲ੍ਹੇਆਮ ਹੋ ਰਿਹਾ ਹੈ ਤਾਂ ਜਾਂ ਤਾਂ ਦਾਲ ਵਿਚ ਕੁਝ ਕਾਲਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਇਹ ਸਾਬਤ ਹੋ ਜਾਵੇ ਕਿ ਏਜੰਸੀਆਂ ਲੋਕਾਂ ਨੂੰ ਬਲੈਕਮੇਲ ਕਰ ਕੇ ਨਾਜਾਇਜ਼ ਪੈਸੇ ਵਸੂਲ ਰਹੀਆਂ ਹਨ ਤਾਂ ਉਨ੍ਹਾਂ ਦੀ ਲਾਇਸੰਸ ਰੱਦ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਭਾਰੀ ਜੁਰਮਾਨੇ ਲਗਾਏ ਜਾਣ।
ਸਰਕਾਰ ਜੀ! ਪੰਜਾਬ ਪੁਲਸ ਦੇ ਮੁਲਾਜ਼ਮਾਂ ’ਤੇ ਵਧਦਾ ਤਣਾਅ, ਨਫਰੀ ਦੀ ਘਾਟ ਨੇ ਖੜ੍ਹੇ ਕੀਤੇ ਗੰਭੀਰ ਸਵਾਲ
NEXT STORY