ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ’ਤੇ ਸ਼ਿਕੰਜਾ ਕੱਸਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਸ ਥਾਣਾ ਸਿਟੀ ਮੋਗਾ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਕਾਮ ਥਾਣਾ ਸਿਟੀ-1 ਦੇ ਇੰਚਾਰਜ ਆਤਿਸ਼ ਭਾਟੀਆ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਅਜੀਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਕਰਦੇ ਹੋਏ ਦਾਣਾ ਮੰਡੀ ਜ਼ੀਰਾ ਰੋਡ ਮੋਗਾ ਨੇੜੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਸੂਚਨਾ ਮਿਲੀ ਕਿ ਪਵਨਪ੍ਰੀਤ ਸਿੰਘ ਉਰਫ ਪਵਨਾ ਪਿੰਡ ਖੋਸਾ ਪਾਂਡੋ ਦੇ ਵਸਨੀਕ ਸਿਮਰਨਜੀਤ ਸਿੰਘ ਉਰਫ਼ ਸਿੰਮਾ ਵਾਸੀ ਪਿੰਡ ਧੱਲੇ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਉਹ ਚੋਰੀ ਦੇ ਸਪਲੈਂਡਰ ਮੋਟਰਸਾਈਕਲ ’ਤੇ ਮੋਗਾ ਸ਼ਹਿਰ ਵੱਲ ਆ ਰਹੇ ਹਨ।
ਇਸ ਦੌਰਾਨ ਪੁਲਸ ਨੇ ਨਾਕਾਬੰਦੀ ਕਰ ਕੇ ਜਦੋਂ ਦੋਵੇਂ ਕਥਿਤ ਮੁਲਜ਼ਮਾਂ ਜੋ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਚਲਾ ਰਹੇ ਸਨ, ਨੂੰ ਕਾਬੂ ਕਰ ਲਿਆ ਗਿਆ। ਉਸ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਪਰ ਉਹ ਕੋਈ ਵੀ ਦਸਤਾਵੇਜ਼ ਨਾ ਦਿਖਾ ਸਕਿਆ, ਜਿਸ ’ਤੇ ਪੁਲਸ ਪਾਰਟੀ ਨੇ ਦੋਵਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਹਿਰਾਸਤ ’ਚ ਲੈ ਲਿਆ ਅਤੇ ਇਨ੍ਹਾਂ ਖ਼ਿਲਾਫ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰ ਕੇ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 4 ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ।
ਇਸ ਤਰ੍ਹਾਂ ਪੁਲਸ ਥਾਣਾ ਸਿਟੀ ਨੇ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕਰ ਕੇ ਦੋਵਾਂ ਕਥਿਤ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਡੀ. ਐੱਸ. ਪੀ. ਆਤਿਸ਼ ਭਾਟੀਆ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਮੋਟਰਸਾਈਕਲ ਇਨ੍ਹਾਂ ਨੇ ਕਿੱਥੋਂ ਚੋਰੀ ਕੀਤਾ ਸੀ ਅਤੇ ਇਨ੍ਹਾਂ ਦੇ ਗਿਰੋਹ ’ਚ ਹੋਰ ਕੌਣ-ਕੌਣ ਸ਼ਾਮਲ ਸਨ?
ਡਾਕਟਰ ਭਾਟੀਆ ਨੂੰ ਮਿਲਿਆ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ
NEXT STORY