ਜਲੰਧਰ(ਪ੍ਰੀਤ)— ਰਾਜਸਥਾਨ ਦੇ ਹਿੰਦੂਮਲ ਕੋਟ ਇਲਾਕੇ ਦੇ ਪਿੰਡ ਪੱਕੀ ਲੱਖਾ ਦੀ ਢਾਣੀ 'ਚ ਐਨਕਾਊਂਟਰ ਦੌਰਾਨ ਮਾਰੇ ਗਏ ਪ੍ਰੇਮਾ ਲਾਹੌਰੀਆ ਦਾ ਐਤਵਾਰ ਨੂੰ ਜਲੰਧਰ ਦੀ ਬਸਤੀ ਗੁਜ਼ਾ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਐਤਵਾਰ ਨੂੰ ਉਸ ਦੀ ਲਾਸ਼ ਪਹਿਲਾਂ ਘਰ 'ਚ ਲਿਆਂਦੀ ਗਈ, ਜਿੱਥੋਂ ਉਸ ਨੂੰ ਅੰਤਿਮ ਵਿਦਾਈ ਲਈ ਵਿਦਾ ਗਿਆ। ਪ੍ਰੇਮਾ ਲਾਹੌਰੀਆ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਉਸ ਦੇ ਵੱਡੇ ਭਰਾ ਪੂਰਨ ਸਿੰਘ ਨੇ ਦਿੱਤੀ। ਸਵੇਰ ਤੋਂ ਹੀ ਉਸ ਦੇ ਘਰ ਦੇ ਬਾਹਰ ਪੁਲਸ ਸੁਰੱਖਿਆ ਲਗਾ ਦਿੱਤੀ ਗਈ ਸੀ। ਪ੍ਰੇਮਾ ਦੇ ਅੰਤਿਮ ਸੰਸਕਾਰ ਮੌਕੇ ਪੁਲਸ ਸਿਵਲ ਵਰਦੀ 'ਚ ਨਾਲ ਰਹੀ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਪੰਜਾਬ ਪੁਲਸ ਵੱਲੋਂ ਰਾਜਸਥਾਨ ਦੇ ਹਿੰਦੂਮਲ ਕੋਟ ਇਲਾਕੇ ਦੇ ਪਿੰਡ ਪੱਕੀ ਲੱਖਾ ਦੀ ਢਾਣੀ 'ਚ ਐਨਕਾਊਂਟਰ ਕਰਕੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸੇ ਐਨਕਾਊਂਟਰ 'ਚ ਵਿੱਕੀ ਗੌਂਡਰ ਦਾ ਇਕ ਹੋਰ ਸਾਥੀ ਵੀ ਮਾਰਿਆ ਗਿਆ। ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੀ ਐਨਕਾਊਂਟਰ ਦੌਰਾਨ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਤੀਜੇ ਸਾਥੀ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜਿਆ। ਪ੍ਰੇਮਾ ਲਾਹੌਰੀਆ ਖੂੰਖਾਰ ਗੈਂਗਸਟਰ ਵਿੱਕੀ ਗੌਂਡਰ ਦਾ ਦੋਸਤ ਸੀ। ਉਹ ਦੋਵੇਂ ਜਲੰਧਰ ਦੇ ਸਪਰੋਟਸ ਕਾਲਜ 'ਚ ਪੜ੍ਹਦੇ ਸਨ। ਇਸੇ ਕਾਲਜ 'ਚ ਉਹ ਸੁੱਖਾ ਕਾਹਲਵਾਂ ਅਤੇ ਵਿੱਕੀ ਗੌਂਡਰ ਦਾ ਦੋਸਤ ਬਣਿਆ ਸੀ।
ਪੁਲਸ ਰਿਕਾਰਡ 'ਚ ਭਾਵੇਂ ਪ੍ਰੇਮਾ ਇਕ ਗੈਂਗਸਟਰ ਸੀ ਪਰ ਉਸ ਦੇ ਇਲਾਕੇ ਦੇ ਲੋਕ ਉਸ ਨੂੰ ਇਕ ਚੰਗਾ ਨੌਜਵਾਨ ਸਮਝਦੇ ਸਨ। ਅੰਤਿਮ ਯਾਤਰਾ 'ਚ ਸ਼ਾਮਲ ਲੋਕ ਪ੍ਰੇਮਾ ਦੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਵਿਰਲਾਪ ਕਰ ਰਹੇ ਸਨ। ਇਸ ਮੌਕੇ ਲੋਕਾਂ 'ਚ ਇਹ ਚਰਚਾ ਬਣੀ ਹੋਈ ਸੀ ਕਿ ਪ੍ਰੇਮਾ ਨੂੰ ਪੁਲਸ ਨੇ ਨਾਜਾਇਜ਼ ਮਾਰਿਆ ਹੈ। ਇਸ ਮੌਕੇ 'ਤੇ ਸਾਬਕਾ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਸਮੇਤ ਕਈ ਲੋਕ ਵੱਡੀ ਗਿਣਤੀ 'ਚ ਮੌਜੂਦ ਸਨ।
ਕੋਹਰਾ ਫਿਰ ਰੋਕਣ ਲੱਗਾ ਰੇਲ ਦੀ ਰਫਤਾਰ, ਸੋਮਵਾਰ 8 ਗੱਡੀਆਂ ਹੋਈਆਂ ਰੱਦ
NEXT STORY