ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਪਿੰਡ ਧੱਲੇਕੇ ਵਿਚ ਸਥਿਤ ਕੂੜੇ ਦੇ ਡੰਪ ਵਿਚ ਲੱਗੀ ਭਿਆਨਕ ਅੱਗ ‘ਤੇ ਕਰੀਬ 15 ਘੰਟਿਆਂ ਬਾਅਦ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ ਅਤੇ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਅੱਗ ਬੁਝਾਉਣ ਲਈ ਹੁਣ ਤੱਕ ਫਾਇਰ ਬ੍ਰਿਗੇਡ ਦੀਆਂ 14 ਤੋਂ 15 ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਕੂੜੇ ਦੇ ਵਿਸ਼ਾਲ ਢੇਰ ਵਿਚ ਲੱਗੀ ਅੱਗ ਅਤੇ ਤੇਜ਼ ਹਵਾਵਾਂ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਾਇਰ ਕਰਮਚਾਰੀ ਲਗਾਤਾਰ ਪਾਣੀ ਦੀਆਂ ਬੌਛਾਰਾਂ ਕਰਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸ਼ੈਲਰ ਮਾਲਕ ਸੰਜੀਵ ਮੰਗਲਾ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਡੰਪ ਵਿਚ ਅੱਗ ਲੱਗੀ ਸੀ, ਜੋ ਹੌਲੀ-ਹੌਲੀ ਫੈਲ ਕੇ ਭਿਆਨਕ ਰੂਪ ਧਾਰਨ ਕਰ ਗਈ। ਉਨ੍ਹਾਂ ਕਿਹਾ ਕਿ ਰਾਤ ਤੋਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ, ਪਰ ਹਾਲੇ ਤੱਕ ਅੱਗ ਨੂੰ ਪੂਰੀ ਤਰ੍ਹਾਂ ਨਹੀਂ ਬੁਝਾਇਆ ਜਾ ਸਕਿਆ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਸਥਿਤੀ ਵਿੱਚ ਕੁਝ ਸੁਧਾਰ ਆਇਆ ਹੈ ਅਤੇ ਅੱਗ ‘ਤੇ ਅੰਸ਼ਿਕ ਤੌਰ ‘ਤੇ ਕਾਬੂ ਪਾ ਲਿਆ ਗਿਆ ਹੈ।
ਉਨ੍ਹਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਜੇਕਰ ਅੱਗ ਨੂੰ ਜਲਦੀ ਨਹੀਂ ਬੁਝਾਇਆ ਗਿਆ ਤਾਂ ਇਸ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਆਸ-ਪਾਸ ਰਹਿੰਦੇ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦਾ ਹੈ। ਇਸ ਦੇ ਨਾਲ ਹੀ ਡੰਪ ਦੇ ਨੇੜੇ ਸਥਿਤ ਸ਼ੈਲਰਾਂ ਨੂੰ ਵੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਗ ‘ਤੇ ਜਲਦ ਤੋਂ ਜਲਦ ਪੂਰੀ ਤਰ੍ਹਾਂ ਕਾਬੂ ਪਾਇਆ ਜਾਵੇ। ਇਸੇ ਦੌਰਾਨ ਸਥਾਨਕ ਨਿਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਤੋਂ ਲੱਗੀ ਅੱਗ ਹਾਲੇ ਵੀ ਧਧਕ ਰਹੀ ਹੈ। ਉਨ੍ਹਾਂ ਕਿਹਾ ਕਿ ਡੰਪ ਦੇ ਆਲੇ-ਦੁਆਲੇ ਕਈ ਸ਼ੈਲਰ ਅਤੇ ਫੈਕਟਰੀਆਂ ਸਥਿਤ ਹਨ, ਜਿੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਕੰਮ ਕਰਦੇ ਹਨ। ਅੱਗ ਤੋਂ ਉੱਠ ਰਿਹਾ ਧੂੰਆਂ ਲੋਕਾਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪਾ ਸਕਦਾ ਹੈ ਅਤੇ ਸਾਹ ਸਬੰਧੀ ਬਿਮਾਰੀਆਂ ਸਮੇਤ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਅੱਗ ਬੁਝਾਉਣ ਲਈ ਵਾਧੂ ਸਾਧਨ ਤਾਇਨਾਤ ਕਰਨ ਅਤੇ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਡਟੀਆਂ ਹੋਈਆਂ ਹਨ ਅਤੇ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੇ ਯਤਨ ਜਾਰੀ ਹਨ।
14 ਸਾਲਾਂ ਬਾਅਦ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ 'ਤੇ ਪਾਕਿ ਜਾ ਰਿਹਾ ਜੱਥਾ, ਜਥੇਦਾਰ ਗੜਗੱਜ ਨੇ ਕੀਤਾ ਸੁਆਗਤ
NEXT STORY