ਦੇਵੀਗੜ੍ਹ (ਭੁਪਿੰਦਰ) : ਬੀਤੇ ਦਿਨ ਪਿੰਡ ਸਿਰਕੱਪੜਾ ਵਿਖੇ ਘੱਗਰ ਦਰਿਆ 'ਚ ਅਚਾਨਕ ਆਏ ਪਾਣੀ ਨਾਲ ਪੁਲ ਦੇ ਪਿੱਲਰਾਂ ਕੋਲ ਪਾੜ ਪੈ ਗਿਆ ਸੀ, ਜਿਸ ਨਾਲ ਪੁਲ ਦੇ ਡਿੱਗਣ ਦਾ ਖਦਸ਼ਾ ਬਣ ਗਿਆ ਸੀ ਪਰ ਮੌਕੇ 'ਤੇ ਡਰੇਨਜ਼ ਮਹਿਕਮੇ ਨੇ ਪਾੜ ਵਾਲੀ ਥਾਂ ਰੇਤੇ ਦੀਆਂ ਬੋਰੀਆਂ ਲਾ ਕੇ ਪਾੜ ਨੂੰ ਪੂਰਨ ਦਾ ਯਤਨ ਕੀਤਾ ਪਰ ਮਹਿਕਮੇ ਦੀਆਂ ਸਾਰੀ ਮਿਹਨਤ ਉਦੋਂ ਬੇਕਾਰ ਗਈ ਜਦੋਂ ਬੀਤੀ ਰਾਤ ਪਹਾੜਾਂ 'ਚ ਪਈ ਜ਼ੋਰਦਾਰ ਬਾਰਿਸ਼ ਕਾਰਨ ਘੱਗਰ ਦਰਿਆ 'ਚ ਭਾਰੀ ਪਾਣੀ ਆ ਗਿਆ। ਘੱਗਰ ਪੱਛਮ ਵਾਲੇ ਪਾਸੇ ਜਿਥੇ ਪਏ ਪਾੜ ਨੂੰ ਪੂਰਿਆ ਜਾ ਰਿਹਾ ਸੀ, ਇਹ ਪਾਣੀ ਉਸ ਨੂੰ ਹੀ ਵਹਾ ਕੇ ਲੈ ਗਿਆ। ਪੁਲ ਅਤੇ ਸੜਕ 'ਚ ਵੱਡਾ ਪਾੜ ਪੈ ਗਿਆ, ਜਿਸ ਕਾਰਨ ਘੱਗਰ ਪਾਰ ਦੇ 70 ਪਿੰਡਾਂ ਦਾ ਪਟਿਆਲਾ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸ ਮੌਕੇ ਹੈਰੀਮਾਨ ਦੇ ਓ.ਐੱਸ.ਡੀ. ਜੋਗਿੰਦਰ ਸਿੰਘ ਕਾਕੜਾ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਪੁਲ 'ਚ ਪਏ ਪਾੜ ਨੂੰ ਜਲਦ ਪੂਰਨ ਲਈ ਕਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਨੇੜਲੇ ਪਿੰਡ ਸਿਰਕੱਪੜਾ ਵਿਖੇ ਘੱਗਰ ਦਰਿਆ ਦੇ ਪੁਲ ਦੇ ਹੇਠਾਂ ਪਾਣੀ ਨੂੰ ਰੋਕਣ ਲਈ ਡਰੇਨਜ਼ ਮਹਿਕਮੇ ਵੱਲੋਂ ਪੱਥਰ ਲਗਾਏ ਜਾ ਰਹੇ ਸਨ ਪਰ ਦਰਿਆ 'ਚ ਆਏ ਅਚਾਨਕ ਪਾਣੀ ਕਾਰਨ ਪੱਥਰਾਂ ਵਿਚ ਭਾਰੀ ਬੂਟੀ ਫਸ ਗਈ, ਜਿਸ ਕਾਰਨ ਪਾਣੀ ਦਾ ਵਹਾ ਪੁਲ ਦੇ ਇਕ ਪਾਸੇ ਵੱਲ ਹੋ ਗਿਆ, ਜਿਸ ਕਾਰਨ ਪੁਲ ਹੇਠਾਂ ਵੱਡਾ ਪਾੜ ਪੈ ਗਿਆ ਸੀ, ਜਿਸ ਨੂੰ ਪੂਰਨ ਲਈ ਡਰੇਨਜ਼ ਮਹਿਕਮਾ ਅਜੇ ਮਿੱਟੀ ਦੇ ਥੈਲੇ ਲਗਾ ਹੀ ਰਿਹਾ ਸੀ ਕਿ ਬੀਤੀ ਸ਼ਾਮ ਦਰਿਆ 'ਚ ਅਚਾਨਕ ਫਿਰ ਪਾਣੀ ਆ ਗਿਆ ਜਿਸ ਕਾਰਨ ਪਹਿਲਾਂ ਵਾਲੇ ਪਾੜ ਵਾਲੀ ਥਾਂ 'ਤੇ ਹੀ ਦੋਬਾਰਾ ਪਾੜ ਪੈ ਗਿਆ, ਜਿਸ ਕਾਰਨ ਪੁਲ ਅਤੇ ਸੜਕ ਦਾ ਵੱਡਾ ਹਿੱਸਾ ਦਰਿਆ ਵਿਚ ਡਿੱਗ ਗਿਆ ਹੈ ਅਤੇ ਆਵਾਜਾਈ ਮੁਕੰਮਲ ਬੰਦ ਹੋ ਗਈ ਹੈ। ਇਸ ਦੌਰਾਨ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵਲੋਂ ਜੋਗਿੰਦਰ ਸਿੰਘ ਕਾਕੜਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਡਰੇਨਜ਼ ਮਹਿਕਮੇ ਦੇ ਅਧਿਕਾਰੀਆਂ ਨੂੰ ਪਾੜ ਵਾਲੀ ਥਾਂ ਨੂੰ ਜਲਦ ਭਰਨ ਲਈ ਕਿਹਾ। ਪਿੰਡ ਦੇ ਸਰਪੰਚ ਸੁਰਿੰਦਰਪਾਲ ਸ਼ਰਮਾ ਅਤੇ ਪ੍ਰਧਾਨ ਬਹਾਦਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਪਿੰਡ ਵਾਸੀਆਂ ਨੇ ਪੁਲ ਹੇਠਾਂ ਪਾਣੀ ਰੋਕਣ ਲਈ ਲਾਏ ਗਏ ਪੱਥਰਾਂ ਨੂੰ ਹਟਾਉਣ ਲਈ ਖੁਦ ਹੀ ਮੋਰਚਾ ਸੰਭਾਲ ਲਿਆ ਹੈ ਤਾਂ ਕਿ ਪਾਣੀ ਸਾਈਡਾਂ ਦੀ ਥਾਂ ਪੁਲ ਦੇ ਵਿਚਕਾਰੋਂ ਲੰਘੇ। ਇਸ ਮੌਕੇ ਐਕਸੀਅਨ ਡਰੇਨਜ਼ ਰਮਨਦੀਪ ਸਿੰਘ ਬੈਂਸ, ਐੱਸ.ਡੀ.ਓ. ਨਿਰਮਲ ਸਿੰਘ, ਜੇ.ਈ. ਗੁਲਸ਼ਨ ਵਰਮਾ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।

ਸਾਦਕੀ ਸਰਹੱਦ ਤੋਂ ਬੀ.ਐੱਸ.ਐੱਫ. ਨੇ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ
NEXT STORY