ਘਨੌਰ (ਅਲੀ) : ਨੇੜਲੇ ਪਿੰਡ ਮਗਰ ਦੀ ਰਹਿਣ ਵਾਲੀ ਅਤੇ 12ਵੀਂ ਜਮਾਤ 'ਚ ਪੜ੍ਹਦੀ ਲੜਕੀ ਗੁਰਲੀਨ ਕੌਰ ਨੇ ਬੀਤੀ 23 ਫਰਵਰੀ ਨੂੰ ਇਕ ਸਹਿਪਾਠੀ ਲੜਕੇ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਾ ਲਈ ਸੀ। ਅੱਜ ਗੁਰਲੀਨ ਮੌਤ ਅਤੇ ਜ਼ਿੰਦਗੀ ਵਿਚਕਾਰ ਜੱਦੋ-ਜਹਿਦ ਕਰਦਿਆਂ 11ਵੇਂ ਦਿਨ ਮੌਤ ਹੱਥੋਂ ਹਾਰ ਗਈ। ਉਸ ਨੇ ਅੱਜ ਦੁਪਹਿਰੇ ਚੰਡੀਗੜ੍ਹ ਸਥਿਤ ਪੀ. ਜੀ. ਆਈ. ਵਿਚ ਆਖਰੀ ਸਾਹ ਲਿਆ।
ਇਲਾਜ ਦੌਰਾਨ ਗੁਰਲੀਨ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਜਦੋਂ ਉਹ 11ਵੀਂ ਜਮਾਤ ਵਿਚ ਪੜ੍ਹਦੀ ਸੀ ਤਾਂ ਇਕ ਲੜਕਾ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਜਦੋਂ ਉਹ 12ਵੀਂ ਜਮਾਤ ਵਿਚ ਹੋਈ ਤਾਂ ਉਸ ਦੇ ਕਹਿਣ 'ਤੇ ਮਾਪਿਆਂ ਨੇ ਉਸ ਦਾ ਸਕੂਲ ਬਦਲ ਕੇ ਦੂਜੇ ਸਕੂਲ ਵਿਚ ਲਾ ਦਿੱਤੀ ਸੀ। ਪਹਿਲਾਂ ਵਾਲੇ ਸਕੂਲ ਵਿਚ ਪੜ੍ਹਦੇ ਇਕ ਲੜਕੇ ਨੇ ਕਿਸੇ ਸਕੂਲ ਸਮਾਗਮ ਵਿਚ ਗੁਰਲੀਨ ਕੌਰ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ਸੀ। ਫੇਸਬੁੱਕ ਦੀ ਡੀ. ਪੀ. 'ਤੇ ਪਾਈ ਫੋਟੋ ਦੇਖ ਕੇ ਗੁਰਲੀਨ ਕੌਰ ਨੇ ਪ੍ਰੇਸ਼ਾਨੀ ਕਾਰਣ 23 ਫਰਵਰੀ ਨੂੰ ਆਪਣੇ ਘਰ 'ਚ ਹੀ ਤੇਲ ਪਾ ਕੇ ਖੁਦ ਨੂੰ ਅੱਗ ਲਾ ਲਈ। ਇਸ ਦੌਰਾਨ ਉਹ 55 ਫੀਸਦੀ ਸੜ ਗਈ ਸੀ। ਉਸ ਨੂੰ ਪਹਿਲਾਂ ਹਸਪਤਾਲ ਘਨੌਰ, ਫਿਰ ਪਟਿਆਲਾ ਤੋਂ ਚੰਡੀਗੜ੍ਹ ਵਿਖੇ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ। ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਪੀੜਤ ਲੜਕੀ ਦੇ ਚਾਚੇ ਕਿਹਰ ਸਿੰਘ ਨੇ ਮੌਤ ਹੋਣ ਦੀ ਪੁਸ਼ਟੀ ਕਰਦਿਆਂ ਮੁਲਜ਼ਮ ਲੜਕੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੀਆਂ ਪੋਸਟਾਂ ’ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਦਾ ਰਿਕਾਰਡ ਨਿਗਮ ਵਲੋਂ ਤਲਬ
NEXT STORY