ਬਟਾਲਾ/ਅੰਮ੍ਰਿਤਸਰ (ਮਠਾਰੂ, ਅਣਜਾਨ) : ਜਥੇਦਾਰ ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਵਾਲਿਆਂ ਨੇ ਵੀ ਆਪਣੇ ਆਪ ਨੂੰ ਚੁਫੇਰਿਓਂ ਘਿਰਦਿਆਂ ਦੇਖ ਕੇ ਪੰਥਕ ਤੇ ਰਾਜਸੀ ਆਗੂਆਂ ਦੇ ਉਪਰ ਧਾਵਾ ਬੋਲ ਦਿੱਤਾ ਹੈ। ਇਸ ਸਬੰਧੀ ਗਿਆਨੀ ਇਕਬਾਲ ਸਿੰਘ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਖਾਤਿਬ ਹੁੰਦਿਆਂ ਸਵਾਲਾਂ ਦੀ ਝੜੀ ਲਾਉਂਦਿਆਂ ਕਿਹਾ ਕਿ ਸਿੱਖ ਕੌਮ ਜਾਨਣਾ ਚਾਹੁੰਦੀ ਹੈ ਕਿ ਸਤੰਬਰ 2015 'ਚ ਜੋ ਸਿਰਸੇ ਵਾਲੇ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਸੀ, ਉਹ ਪੱਤਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਕੌਣ ਲੈ ਕੇ ਆਇਆ, ਪੰਜਾਬ ਦੇ ਤਿੰਨ ਜਥੇਦਾਰ ਇਕ ਨੇਤਾ ਦੀ ਕੋਠੀ ਚੰਡੀਗੜ੍ਹ ਕੀ ਲੈਣ ਗਏ, ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦੇ ਹੁਕਮ ਕਿਸੇ ਨੇ ਦਿੱਤੇ, ਚਿੱਠੀ 'ਚ ਅਦਲਾ-ਬਦਲੀ ਕਿਸ ਤਰ੍ਹਾਂ ਹੋਈ? ਇਹ ਸੱਚ ਸਿੱਖ ਕੌਮ ਤੇ ਪੰਥ ਦੇ ਸਾਹਮਣੇ ਲਿਆਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੁਰੰਤ ਗਿ. ਗੁਰਮੁੱਖ ਸਿੰਘ ਤੇ ਗਿ. ਗੁਰਬਚਨ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰ ਕੇ ਜਾਂਚ ਕਮੇਟੀ ਬਣਾਉਂਦਿਆਂ ਕਾਰਵਾਈ ਕਰਨ।
ਉਨ੍ਹਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਨੂੰ ਪਹਿਲਾਂ ਧਮਧਾਨ ਸਾਹਿਬ (ਹਰਿਆਣਾ) ਭੇਜਿਆ, ਫਿਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਲਗਾਉਣ ਦਾ ਕੀ ਕਾਰਨ ਹੈ। ਜੋ ਮੇਰੇ 'ਤੇ ਦੋਸ਼ ਲਗਾਏ ਜਾ ਰਹੇ ਹਨ, ਇਹ ਸਭ ਮੈਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਹਨ। ਗਿ. ਇਕਬਾਲ ਸਿੰਘ ਨੇ ਕਿਹਾ ਕਿ 7 ਮੈਂਬਰ ਕਮੇਟੀ ਵੱਲੋਂ ਜਾਂਚ ਇਕ ਸਾਜ਼ਿਸ਼ ਦਾ ਹਿੱਸਾ ਹੋਵੇਗੀ, ਜਿਸ ਖਿਲਾਫ਼ ਮੈਨੂੰ ਸੁਪਰੀਮ ਕੋਰਟ 'ਚ ਵੀ ਜਾਣਾ ਪਿਆ ਤਾਂ ਮੈਂ ਪਹੁੰਚ ਕਰਾਂਗਾ ਅਤੇ ਮਾਣਹਾਨੀ ਦਾ ਕੇਸ ਕਰਨ ਲਈ ਵੀ ਮਜਬੂਰ ਹੋਵਾਂਗਾ।
ਪ੍ਰਧਾਨ ਹਿੱਤ ਦੇ ਹੁਕਮਾਂ ਨੂੰ ਟਿੱਚ ਜਾਣਿਆ
ਬੀਤੇ ਦਿਨ ਤਖਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਤੇ 9 ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਗਿਆਨੀ ਇਕਬਾਲ ਸਿੰਘ ਖਾਲਸਾ ਨੂੰ ਤਖਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦੀ ਜਥੇਦਾਰੀ ਤੋਂ ਫਾਰਗ ਕਰ ਕੇ ਗਿਆਨੀ ਰਾਜਿੰਦਰ ਸਿੰਘ ਨੂੰ ਆਰਜ਼ੀ ਤੌਰ 'ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪ ਦਿੱਤੀ ਪਰ ਦੇਰ ਸ਼ਾਮ ਨੂੰ ਬੋਰਡ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਨੇ ਪੱਤਰ ਜਾਰੀ ਕਰ ਕੇ ਭਾਈ ਬਲਦੇਵ ਸਿੰਘ ਸੀਨੀਅਰ ਮੀਤ ਗ੍ਰੰਥੀ ਨੂੰ ਬਤੌਰ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਸੇਵਾ ਸੰਭਾਲ ਲਈ ਕਹਿ ਦਿੱਤਾ ਤੇ ਚਾਬੀਆਂ ਵੀ ਉਨ੍ਹਾਂ ਨੂੰ ਸੌਂਪ ਦਿੱਤੀਆਂ। ਸੂਤਰਾਂ ਮੁਤਾਬਕ ਅੱਜ ਵੀ ਭਾਈ ਬਲਦੇਵ ਸਿੰਘ ਵੱਲੋਂ ਹੀ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਜਥੇਦਾਰ ਦੀ ਸੇਵਾ ਨਿਭਾਈ ਜਾ ਰਹੀ ਹੈ।
ਮੋਗਾ ਰੈਲੀ : ਜਿਥੋਂ ਮੋਦੀ ਨੇ ਕੀਤੀ ਸੀ ਸ਼ੁਰੂਆਤ ਉਥੋਂ ਹੀ ਅੱਜ ਰਾਹੁਲ ਕਰਨਗੇ ਆਗਾਜ਼
NEXT STORY