ਹੁਸ਼ਿਆਰਪੁਰ (ਅਮਰਿੰਦਰ) - ਥਾਣਾ ਗੜ੍ਹਸ਼ੰਕਰ ਅਧੀਨ ਬਾਰਾਪੁਰ ਕੋਟ ਰੋਡ 'ਤੇ ਝਾੜੀਆਂ 'ਚੋਂ 3 ਦਿਨ ਪਹਿਲਾਂ ਅੱਧਸੜੀ ਕੁੜੀ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਸੀ। ਅੱਧਸੜੀ ਲਾਸ਼ ਦੀ ਪਛਾਣ ਨਾ ਹੋਣ 'ਤੇ ਪੁਲਸ ਨੇ ਉਸ ਦਾ ਪੋਸਟਮਾਰਟਮ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਕਰ ਦਿੱਤਾ। ਪੋਸਟਮਾਰਟਮ ਦੀ ਰਿਪੋਰਟ 'ਚ ਮ੍ਰਿਤਕਾ ਦੀ ਉਮਰ 17 ਤੋਂ 30 ਸਾਲ ਵਿਚਕਾਰ ਅਤੇ ਮੌਤ ਦਾ ਸਮਾਂ ਲਾਸ਼ ਮਿਲਣ ਤੋਂ ਕਰੀਬ 8 ਘੰਟੇ ਪਹਿਲਾਂ ਭਾਵ ਬੁੱਧਵਾਰ ਦੇਰ ਰਾਤ 12 ਵਜੇ ਦੱਸਿਆ ਗਿਆ ਹੈ। ਪੋਸਟਮਾਰਟਮ ਉਪਰੰਤ ਪੁਲਸ ਨੇ ਲਾਸ਼ ਅੰਤਿਮ ਸੰਸਕਾਰ ਲਈ ਗੜ੍ਹਸ਼ੰਕਰ ਦੀ ਨਗਰ ਕੌਂਸਲ ਨੂੰ ਸੌਂਪ ਦਿੱਤੀ।
ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਗੜ੍ਹਸ਼ੰਕਰ ਪੁਲਸ ਨੇ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਬਾਰਾਪੁਰ ਕੋਟ ਰੋਡ 'ਤੇ ਝਾੜੀਆਂ 'ਚੋਂ ਲਾਸ਼ ਬਰਾਮਦ ਕੀਤੀ ਸੀ, ਜਿਸ ਦੀ ਲੱਖ ਕੋਸ਼ਿਸ਼ਾਂ ਮਗਰੋਂ ਪਛਾਣ ਨਾ ਹੋਣ 'ਤੇ ਪੁਲਸ ਪ੍ਰੇਸ਼ਾਨ ਹੋ ਗਈ। ਇਸ ਸਬੰਧੀ ਗੜ੍ਹਸ਼ੰਕਰ ਥਾਣੇ ਦੇ ਐੱਸ. ਐੱਚ. ਓ. ਬਲਵਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਨੂੰ ਧਿਆਨ 'ਚ ਰੱਖਦਿਆਂ ਪੁਲਸ ਨੇ ਫਿਲਹਾਲ ਅਣਪਛਾਤੇ ਕਾਤਲਾਂ ਖਿਲਾਫ਼ ਕੇਸ ਦਰਜ ਕਰ ਲਿਆ। ਮ੍ਰਿਤਕਾ ਦੇ ਵਿਸਰੇ ਨੂੰ ਜਾਂਚ ਲਈ ਅੱਜ ਖਰੜ ਸਥਿਤ ਲੈਬਾਰਟਰੀ ਭੇਜ ਦਿੱਤਾ ਹੈ।
ਪੁਲਸ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਸਾਰੇ ਥਾਣਿਆਂ 'ਚ ਦਰਜ ਗੁੰਮਸ਼ੁਦਗੀ ਦੇ ਕੇਸਾਂ ਦੇ ਆਧਾਰ 'ਤੇ ਜਿੱਥੇ ਜਾਂਚ ਕਰ ਰਹੀ ਹੈ, ਉਥੇ ਹੀ ਆਲੇ-ਦੁਆਲੇ ਦੇ ਪਿੰਡਾਂ ਅਤੇ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਹੱਦ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਸੰਗਰੂਰ 'ਚ ਲੋਕਾਂ ਨੂੰ ਜਾਗਰੂਕ ਕਰਨ ਆਇਆ ਜਿੰਨ੍ਹ ! (ਵੀਡੀਓ)
NEXT STORY