ਮੌੜ ਮੰਡੀ (ਪ੍ਰਵੀਨ) : ਸਥਾਨਕ ਸ਼ਹਿਰ ਦੇ ਬੱਸ ਸਟੈਂਡ ਰੋਡ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨੂੰ ਇਕ ਪ੍ਰੇਸ਼ਾਨ ਦਿਖ ਰਹੀ ਲੜਕੀ ਦੀ ਮਦਦ ਕਰਨੀ ਉਸ ਵਕਤ ਮਹਿੰਗੀ ਪੈ ਗਈ ਜਦੋਂ ਉਕਤ ਲੜਕੀ ਨੂੰ ਤੰਗ ਕਰ ਰਹੇ ਇਕ ਨੌਜਵਾਨ ਨੇ ਸਿੱਧੂਪੁਰ ਦੇ ਆਗੂ ਮਾਲਵਿੰਦਰ ਸਿੰਘ ਵੱਲ ਫਾਇਰ ਦਾਗ ਦਿੱਤਾ। ਫਾਇਰਿੰਗ ਦੀ ਅਵਾਜ਼ ਸੁਣਦੇ ਹੀ ਬੱਸ ਸਟੈਂਡ ਰੋਡ ’ਤੇ ਸਹਿਮ ਦਾ ਮਾਹੌਲ ਬਣ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਯੂਥ ਆਗੂ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੱਸ ਸਟੈਂਡ ਰੋਡ ’ਤੇ ਕਾਰ ’ਤੇ ਆਏ ਦੋ ਨੌਜਵਾਨਾਂ ਵੱਲੋਂ ਇਕ ਲੜਕੀ ਨਾਲ ਹੱਥੋਪਾਈ ਕਰਦੇ ਹੋਏ ਬੁਰਾ ਵਿਵਹਾਰ ਕੀਤਾ ਜਾ ਰਿਹਾ ਸੀ, ਜਿਸ ਕਾਰਨ ਲੜਕੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਲੜਕੀ ਦੀ ਹਾਲਤ ਦੇਖ ਕੇ ਤਰਸ ਦੇ ਆਧਾਰ ’ਤੇ ਜਦ ਅਸੀਂ ਉਸ ਤੋਂ ਲੜਾਈ ਦਾ ਕਾਰਨ ਪੁੱਛਣਾ ਚਾਹਿਆ ਤਾਂ ਲੜਕੀ ਬਿਨਾਂ ਦੱਸੇ ਟਿੱਲੇ ਵੱਲ ਤੁਰ ਪਈ ਅਤੇ ਉਕਤ ਦੋਵੇਂ ਲੜਕੇ ਵੀ ਇਸ ਦੇ ਪਿੱਛੇ ਚੱਲ ਪਏ।
ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਅਤੇ ਕੁਝ ਨੌਜਵਾਨ ਉਕਤ ਲੜਕੀ ਦੀ ਮਦਦ ਕਰਨ ਲਈ ਉਨ੍ਹਾਂ ਦੇ ਪਿੱਛੇ ਚੱਲ ਪਏ। ਕੁਝ ਦੂਰੀ ’ਤੇ ਜਾ ਕੇ ਜਦ ਉਕਤ ਲੜਕੀ ਤੋਂ ਪ੍ਰੇਸ਼ਾਨ ਕੀਤੇ ਜਾਣ ਦਾ ਕਾਰਨ ਪੁੱਛਿਆ ਤਾਂ ਇਕ ਨੌਜਵਾਨ ਨੇ ਸਾਡੇ ’ਤੇ ਪਿੱਛੋਂ ਫਾਇਰ ਕਰ ਦਿੱਤਾ ਜੋ ਮੇਰੇ ਮੋਢੇ ਕੋਲ ਦੀ ਲੰਘ ਗਿਆ। ਇਸ ਉਪਰੰਤ ਲੋਕ ਇਧਰ-ਉੱਧਰ ਭੱਜਣ ਲੱਗੇ ਅਤੇ ਇਸ ਮਾਮਲੇ ਦੀ ਜਾਣਕਾਰੀ ਤੁਰੰਤ ਹੀ ਥਾਣਾ ਮੌੜ ਵਿਖੇ ਲਿਖਤੀ ਦਰਖਾਸਤ ਦੇ ਕੇ ਦਿੱਤੀ। ਇਸ ਸਬੰਧੀ ਮਾਮਲੇ ਦੀ ਜਾਂਚ ਕਰਨ ਲਈ ਮੌਕੇ ’ਤੇ ਪੁੱਜੇ ਏ. ਐੱਸ. ਆਈ. ਗਿਆਨ ਚੰਦ ਸ਼ਰਮਾ ਨੇ ਦੱਸਿਆ ਕਿ ਉਹ ਸੀ. ਸੀ. ਟੀ. ਵੀ. ਫੁਟੇਜ਼ ਦੇਖ ਰਹੇ ਹਨ ਤਾਂ ਜੋ ਉਕਤ ਨੌਜਵਾਨਾਂ ਦੀ ਧਰ ਪਕੜ ਕੀਤੀ ਜਾ ਸਕੇ।
ਭਿਆਨਕ ਗਰਮੀ ਦਾ ਕਹਿਰ, ਸਵੇਰ 9 ਵਜੇ ਤੋਂ ਹੀ ਕਰਫ਼ਿਊ ਵਰਗੇ ਬਣ ਜਾਂਦੇ ਨੇ ਹਾਲਾਤ
NEXT STORY