ਭੋਗਪੁਰ (ਰਾਣਾ ਭੋਗਪੁਰੀਆ)-ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਡੱਲਾ ਦੀ ਨਿਵਾਸੀ ਲੜਕੀ ਜਤਿਨਜੀਤ ਕੌਰ, ਜੋ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਲਈ ਥਰਕੇਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਯੂਕ੍ਰੇਨ ਗਈ ਸੀ, ਉਹ ਰੂਸ ਤੇ ਯੂਕ੍ਰੇਨ ਦੀ ਲੜਾਈ ਦੌਰਾਨ ਉਥੇ ਫਸ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜਤਿਨਜੀਤ ਕੌਰ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਜਤਿਨਜੀਤ ਕੌਰ ਉਨ੍ਹਾਂ ਦੀ ਇਕਲੌਤੀ ਬੇਟੀ ਹੈ ਤੇ ਉਹ ਸੁਫ਼ਨਾ ਪੂਰਾ ਕਰਨ ਲਈ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਲਈ 5 ਸਾਲ ਪਹਿਲਾਂ ਯੂਕ੍ਰੇਨ ਦੇ ਖਾਰਕੀਵ ’ਚ ਗਈ ਸੀ। ਮੈਡੀਕਲ ਦੀ ਪੜ੍ਹਾਈ ਦਾ ਆਖਰੀ ਸਾਲ ਪੂਰਾ ਕਰਨ ਲਈ ਅਕਤੂਬਰ 2021 ’ਚ ਪੰਜਾਬ ਤੋਂ ਵਾਪਸ ਯੂਕ੍ਰੇਨ ਭੇਜਿਆ ਸੀ ਤੇ ਹੁਣ ਲੜਾਈ ਲੱਗਣ ਤੋਂ ਬਾਅਦ ਉਨ੍ਹਾਂ ਦੀ ਇਕਲੌਤੀ ਲੜਕੀ ਉਥੇ ਫਸ ਗਈ ਹੈ । ਜਤਿਨਜੀਤ ਕੌਰ ਦੇ ਨਾਲ ਪਰਿਵਾਰਕ ਮੈਂਬਰਾਂ ਦੀ ਫੋਨ ’ਤੇ ਗੱਲਬਾਤ ਹੋ ਰਹੀ ਹੈ ਤੇ ਉਨ੍ਹਾਂ ਉਥੋਂ ਦੇ ਖ਼ਰਾਬ ਹੋ ਰਹੇ ਹਾਲਾਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਪਣੀ ਜਾਨ ਦੀ ਜ਼ਿੰਮੇਵਾਰੀ ’ਤੇ ਬਾਹਰ ਸਾਮਾਨ ਲੈਣ ਲਈ ਜਾ ਸਕਦੇ ਹਨ। ਉਥੇ ਖਾਣ-ਪੀਣ ਤੇ ਰਹਿਣ ਦੇ ਪ੍ਰਬੰਧ ਬਦ ਤੋਂ ਬਦਤਰ ਹੋ ਚੁੱਕੇ ਹਨ। ਉਸ ਨੇ ਦੱਸਿਆ ਕਿ ਇਕ ਛੱਤ ਥੱਲੇ ਸੈਂਕੜੇ ਵਿਦਿਆਰਥੀ ਦਿਨ-ਰਾਤ ਰਹਿ ਰਹੇ ਹਨ ।
ਇਹ ਵੀ ਪੜ੍ਹੋ : ਕੀਵ ’ਚ ਭਾਰਤੀਆਂ ਸਿਰ ਮੰਡਰਾਉਣ ਲੱਗਾ ਜੰਗ ਦਾ ਖ਼ਤਰਾ, ਰੇਲ ਗੱਡੀ ’ਚ ਚੜ੍ਹਨ ਦੀ ਨਹੀਂ ਇਜਾਜ਼ਤ
ਜਸਵੀਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਯੂਕ੍ਰੇਨ ਦੇ ਵੱਖ-ਵੱਖ ਹਿੱਸਿਆਂ ’ਚ ਫਸੇ ਵਿਦਿਆਰਥੀਆਂ ਦੀ ਬਾਂਹ ਫੜਨ ਲਈ ਤਿਆਰ ਨਹੀਂ ਹਨ ਅਤੇ ਨਾ ਹੀ ਭਾਰਤੀ ਦੂਤਘਰ ਵੱਲੋਂ ਕੋਈ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਭਾਜਪਾ ਦੇ ਆਗੂ ਅਵਿਨਾਸ਼ ਖੰਨਾ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ ਬੇਟੇ ਜੋਲੀ ਦੀ ਡਿਊਟੀ ਲਗਾ ਕੇ ਉਸ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਆਖਿਆ ਪਰ ਅਜੇ ਤੱਕ ਉਸ ਉੱਪਰ ਕੋਈ ਅਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਭਾਰਤ ਸਰਕਾਰ ਦੇ ਕਿਸੇ ਅਧਿਕਾਰੀ ਵੱਲੋਂ ਬੇਟੀ ਜਤਿਨਜੀਤ ਕੌਰ ਤੇ ਹੋਰ ਵਿਦਿਆਰਥੀਆਂ ਕੋਲ ਕੋਈ ਪਹੁੰਚ ਕੀਤੀ ਗਈ। ਉਨ੍ਹਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਲੜਕੀ ਜਤਿਨਜੀਤ ਕੌਰ ਨੂੰ ਯੂਕ੍ਰੇਨ ’ਚੋਂ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ । ਇਸ ਸਬੰਧੀ ਜੀ.ਓ.ਜੀ. ਚਰਨਜੀਤ ਸਿੰਘ ਸੈਣੀ ਪਿੰਡ ਡੱਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਯੂਕ੍ਰੇਨ ਅੰਦਰ ਫਸੇ ਦੇਸ਼ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਕ ਸਾਂਝੀ ਕੜੀ ਬਣਾ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਤੇ ਹੋਰ ਲੋਕਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਇਆ ਜਾ ਸਕੇ ।
ਚੋਣਾਂ ਦੌਰਾਨ ਚੰਡੀਗੜ੍ਹ ’ਚੋਂ ਪੰਜਾਬ ਦੀ ਹਿੱਸੇਦਾਰੀ ਘਟਾਉਣ ਦੀ ਰਚੀ ਗਈ ਸਾਜ਼ਿਸ਼ : ਚੀਮਾ
NEXT STORY