ਗੁਰਦਾਸਪੁਰ (ਹਰਮਨ)—ਆਖ਼ਰਕਾਰ ਅੱਜ ਉਹ ਦਰਦਨਾਕ ਘੜੀ ਵੀ ਆ ਗਈ, ਜਦੋਂ ਦਰਿਆ ਬਿਆਸ ਦੇ ਕੰਢੇ ਤਜਿੰਦਰ ਸਿੰਘ ਨੂੰ ਉਸ ਦੇ ਮਾਪਿਆਂ, ਪਰਿਵਾਰ ਅਤੇ ਸੈਂਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ। ਕਈ ਦਿਨਾਂ ਤੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਰੁਕਿਆ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ, ਪਰ ਤਜਿੰਦਰ ਦੀ ਚਿਖਾ ਨੂੰ ਅਗਨ ਭੇਟ ਕੀਤੇ ਜਾਣ ਸਮੇਂ ਮਾਹੌਲ ਇਸ ਕਦਰ ਗਮਗੀਨ ਹੋ ਗਿਆ ਕਿ ਉੱਥੇ ਮੌਜੂਦ ਹਰ ਅੱਖ ਨਮ ਦਿਖਾਈ ਦਿੱਤੀ।
ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿੱਚ ਸਾਕ-ਸਬੰਧੀ, ਇਲਾਕਾ ਵਾਸੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ। ਆਪਣੇ ਪੁੱਤ ਨੂੰ ਹਮੇਸ਼ਾ ਲਈ ਵਿਦਾ ਕਰਦਿਆਂ ਪਰਿਵਾਰ ਦਾ ਵਿਰਲਾਪ ਦੇਖਣਾ ਬੇਹੱਦ ਭਾਵੁਕ ਪਲ ਸੀ। ਡੂੰਘੇ ਸਦਮੇ ਵਿੱਚ ਡੁੱਬੇ ਪਰਿਵਾਰਕ ਮੈਂਬਰ ਵਿਰਲਾਪ ਕਰਦਿਆਂ ਬੇਹੋਸ਼ ਹੋ ਕੇ ਜ਼ਮੀਨ ’ਤੇ ਡਿੱਗਦੇ ਵੀ ਨਜ਼ਰ ਆਏ।
ਇਹ ਵੀ ਪੜ੍ਹੋ- ਪਠਾਨਕੋਟ-ਗੁਰਦਾਸਪੁਰ ’ਚ ਗੈਰ-ਕਾਨੂੰਨੀ ਮਾਈਨਿੰਗ ਦੇ 200 ਤੋਂ ਵੱਧ ਠਿਕਾਣੇ, ਹਾਈ ਕੋਰਟ ਦੇ ਸਖ਼ਤ ਆਦੇਸ਼
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਭਾਈ ਦਿਲਬਾਗ ਸਿੰਘ, ਬੀਬੀ ਦਵਿੰਦਰ ਕੌਰ, ਐੱਮਡੀ ਸੁਖਪਾਲ ਸਿੰਘ, ਚੇਅਰਮੈਨ ਮਨਜੀਤ ਸਿੰਘ ਪਸਵਾਲ ਅਤੇ ਸਰਬਜੀਤ ਸਿੰਘ ਲਾਲੀਆ ਨੇ ਕਿਹਾ ਕਿ ਬੇਸ਼ੱਕ ਅੱਜ ਤਜਿੰਦਰ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ, ਪਰ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤਾ ਸੰਘਰਸ਼ ਇੱਥੇ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਨਸਾਫ਼ ਲਈ ਕਾਨੂੰਨੀ ਲੜਾਈ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਵੀ ਲੜੀ ਜਾਵੇਗੀ।
ਤਜਿੰਦਰ ਦੇ ਪਿਤਾ ਕੁਲਦੀਪ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਜ਼ਿਲ੍ਹਾ ਪੁਲਸ ਵੱਲੋਂ ਮਾਮਲੇ ਦੀ ਜਾਂਚ ਲਈ SIT ਤਾਂ ਗਠਿਤ ਕੀਤੀ ਗਈ ਹੈ, ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਪਰਿਵਾਰ ਨੂੰ ਅਜੇ ਤੱਕ ਜਾਂਚ ਵਿੱਚ ਸਾਹਮਣੇ ਆਏ ਕਿਸੇ ਨਵੇਂ ਖੁਲਾਸੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਨੂੰ ਤੇਜ਼ ਕਰਕੇ ਪੂਰੇ ਘਟਨਾਕ੍ਰਮ ਦਾ ਸੱਚ ਸਾਹਮਣੇ ਲਿਆਂਦਾ ਜਾਵੇ।
ਮ੍ਰਿਤਕ ਦੀ ਮਾਤਾ ਨਰਿੰਦਰ ਕੌਰ ਅਤੇ ਭੈਣ ਕਿਰਨਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਤਜਿੰਦਰ ਅਤੇ ਮਾਮਲੇ ਵਿੱਚ ਨਾਮਜ਼ਦ ਕੁੜੀ ਵਿਚਾਲੇ ਕਰੀਬ ਤਿੰਨ ਸਾਲ ਤੋਂ ਪ੍ਰੇਮ ਸਬੰਧ ਸਨ, ਪਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚਾਲੇ ਤਕਰਾਰ ਵਧਦੀ ਜਾ ਰਹੀ ਸੀ। ਪਰਿਵਾਰ ਮੁਤਾਬਕ ਇਸੇ ਦੌਰਾਨ ਦੋਵਾਂ ਵੱਲੋਂ ਇੱਕ-ਦੂਜੇ ਨੂੰ ਦਿੱਤੇ ਗਏ ਤੋਹਫ਼ੇ ਵੀ ਵਾਪਸ ਕਰ ਦਿੱਤੇ ਗਏ ਸਨ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਚੱਕ ਸ਼ਰੀਫ਼ ਦੇ ਬਾਜ਼ਾਰ 'ਚ ਦੋਵਾਂ ਵਿਚਾਲੇ ਹੋਈ ਤਕਰਾਰ ਦੌਰਾਨ ਤਜਿੰਦਰ ਵੱਲੋਂ ਕੁੜੀ ਨੂੰ ਥੱਪੜ ਮਾਰੇ ਗਏ ਸਨ।
ਇਹ ਵੀ ਪੜ੍ਹੋ- ਬੇਅਦਬੀ ਕਾਨੂੰਨ 'ਤੇ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਗਠਿਤ, ਜਥੇਦਾਰ ਗੜਗੱਜ ਨੂੰ ਚਿੱਠੀ ਰਾਹੀਂ ਦਿੱਤੀ ਜਾਣਕਾਰੀ
ਤਜਿੰਦਰ ਦੀ ਭੈਣ ਕਿਰਨਪ੍ਰੀਤ ਕੌਰ ਨੇ ਇੱਕ ਹੋਰ ਗੰਭੀਰ ਦਾਅਵਾ ਕਰਦਿਆਂ ਕਿਹਾ ਕਿ ਤਜਿੰਦਰ ’ਤੇ ਹਮਲੇ ਤੋਂ ਅਗਲੇ ਦਿਨ ਉਸ ਦੀ ਨਾਮਜ਼ਦ ਪ੍ਰੇਮਿਕਾ ਨਾਲ ਫੋਨ ’ਤੇ ਗੱਲ ਹੋਈ ਸੀ। ਕਿਰਨਪ੍ਰੀਤ ਮੁਤਾਬਕ ਕੁੜੀ ਨੇ ਇੱਕ ਪਾਸੇ ਤਜਿੰਦਰ ਦਾ ਹਾਲ ਜਾਣਦਿਆਂ ਹਮਦਰਦੀ ਜਤਾਈ, ਜਦਕਿ ਗੱਲਬਾਤ ਦੌਰਾਨ ਕਥਿਤ ਤੌਰ ’ਤੇ ਇਹ ਵੀ ਕਿਹਾ ਕਿ ਉਸ ਨੇ ਤਜਿੰਦਰ ਦੀਆਂ ਲੱਤਾਂ ਤੁੜਵਾਉਣ ਲਈ ਹੀ ਮੁੰਡਿਆਂ ਨੂੰ ਕਿਹਾ ਸੀ ਅਤੇ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਮਾਮਲਾ ਇੱਥੋਂ ਤੱਕ ਪਹੁੰਚ ਜਾਵੇਗਾ। ਇਹ ਦਾਅਵਾ ਮ੍ਰਿਤਕ ਦੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਅਤੇ ਇਸ ਦੀ ਸੱਚਾਈ ਪੁਲਸ ਜਾਂਚ ਵਿੱਚ ਸਾਹਮਣੇ ਆਉਣੀ ਬਾਕੀ ਹੈ।
ਪਰਿਵਾਰ ਦਾ ਦੋਸ਼ ਹੈ ਕਿ ਪੁਰਾਣੀ ਰੰਜਿਸ਼ ਅਤੇ ਆਪਸੀ ਤਕਰਾਰ ਦੇ ਚੱਲਦਿਆਂ ਤਜਿੰਦਰ ’ਤੇ ਸਾਜ਼ਿਸ਼ ਤਹਿਤ ਹਮਲਾ ਕਰਵਾਇਆ ਗਿਆ। ਹਾਲਾਂਕਿ ਮਾਮਲੇ ਨਾਲ ਜੁੜੇ ਇਨ੍ਹਾਂ ਦੋਸ਼ਾਂ ਦੀ ਅੰਤਿਮ ਸੱਚਾਈ ਜਾਂਚ ਅਤੇ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਹੀ ਸਪਸ਼ਟ ਹੋਵੇਗੀ। ਅੰਤਿਮ ਸਸਕਾਰ ਮਗਰੋਂ ਤਜਿੰਦਰ ਦੇ ਪਿਤਾ ਅਤੇ ਪਰਿਵਾਰ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਇਕਸੁਰ ਹੋ ਕੇ ਕਿਹਾ ਕਿ “ਪੁੱਤ ਦਾ ਸਸਕਾਰ ਤਾਂ ਅੱਜ ਕਰ ਦਿੱਤਾ ਹੈ, ਪਰ ਉਸ ਦੀ ਰੂਹ ਨੂੰ ਸਕੂਨ ਉਦੋਂ ਹੀ ਮਿਲੇਗਾ ਜਦੋਂ ਇਸ ਮਾਮਲੇ ਦਾ ਪੂਰਾ ਸੱਚ ਸਾਹਮਣੇ ਆਵੇਗਾ ਅਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।”
ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਜਾਂਚ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਵਰਤੀ ਗਈ ਤਾਂ ਪਰਿਵਾਰ ਅਤੇ ਜਥੇਬੰਦੀਆਂ ਪਿੱਛੇ ਨਹੀਂ ਹਟਣਗੀਆਂ ਅਤੇ ਇਨਸਾਫ਼ ਲਈ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਕਾਨੂੰਨੀ ਲੜਾਈ ਲੜੀ ਜਾਵੇਗੀ। ਤਜਿੰਦਰ ਦੀ ਚਿਖਾ ਭਾਵੇਂ ਬਿਆਸ ਕੰਢੇ ਅੱਜ ਬਲ ਗਈ, ਪਰ ਪਿੱਛੇ ਇੱਕ ਸਵਾਲ ਛੱਡ ਗਈ—ਆਖ਼ਰ ਉਸ ਨਾਲ ਹੋਇਆ ਕੀ ਸੀ ਅਤੇ ਪੂਰਾ ਸੱਚ ਕਦੋਂ ਸਾਹਮਣੇ ਆਵੇਗਾ?
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਵਿਅਕਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਤਾਲਮੇਲ ਕਮੇਟੀ ਨੇ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026' ਸਬੰਧੀ ਮੀਟਿੰਗ ਸੱਦੀ
NEXT STORY