ਜੈਂਤੀਪੁਰ, (ਰੰਧਾਵਾ)- ਜਿਥੇ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ-ਵੱਡੇ ਵਾਅਦੇ ਕਰਦੀ ਨਹੀਂ ਥੱਕਦੀ, ਉਥੇ ਨਾਲ ਹੀ ਪੰਜਾਬ ਦੇ ਕੁਝ ਕੁ ਸਕੂਲਾਂ ਨੂੰ ਛੱਡ ਕੇ ਬਾਕੀ ਦੇ ਐਲੀਮੈਂਟਰੀ, ਹਾਈ ਤੇ ਸੀਨੀ. ਸੈਕੰ. ਸਕੂਲਾਂ ਵੱਲ ਝਾਤ ਮਾਰੀਏ ਤਾਂ ਉਹ ਬਹੁਤ ਸਾਰੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੀ ਚੱਲ ਰਹੇ ਦਿਖਾਈ ਦਿੰਦੇ ਹਨ। ਇਸ ਦੀ ਮਿਸਾਲ ਬਲਾਕ ਮਜੀਠਾ 'ਚ ਪੈਂਦੇ ਪਿੰਡ ਅਲਕੜੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਮਿਲਦੀ ਹੈ, ਜਿਥੇ 9 ਬੱਚਿਆਂ ਨੂੰ ਪੜ੍ਹਾਉਣ ਲਈ 2 ਅਧਿਆਪਕ ਤੇ ਇਕ ਕੁੱਕ ਤਾਇਨਾਤ ਕੀਤੇ ਗਏ ਹਨ ਪਰ ਇਹ ਸਕੂਲ ਸਰਕਾਰੀ ਸਹੂਲਤਾਂ ਤੋਂ ਵਾਂਝਾ ਹੈ।
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸੰਨ 1962 ਵਿਚ ਇਹ ਸਰਕਾਰੀ ਐਲੀਮੈਂਟਰੀ ਸਕੂਲ ਹੋਂਦ ਵਿਚ ਆਇਆ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਲਗਭਗ 45 ਵਰ੍ਹੇ ਬੀਤਣ ਦੇ ਬਾਵਜੂਦ ਕਿਸੇ ਵੀ ਅਧਿਕਾਰੀ ਦੀ ਇਸ ਸਕੂਲ 'ਤੇ ਮਿਹਰ ਦੀ ਨਜ਼ਰ ਨਹੀਂ ਪਈ, ਜਿਸ ਕਰ ਕੇ ਇਸ ਸਕੂਲ ਵਿਚ ਨਾ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੈ, ਨਾ ਹੀ ਟੂਟੀਆਂ ਲੱਗੀਆਂ ਹੋਈਆਂ ਹਨ ਤੇ ਇਸ ਸਕੂਲ ਵਿਚ ਲੱਗੇ ਨਲਕੇ ਦਾ ਪਾਣੀ ਵੀ ਲਗਭਗ ਦੂਸ਼ਿਤ ਹੋ ਚੁੱਕਾ ਹੈ ਤੇ ਸਕੂਲੀ ਬੱਚੇ ਇਹ ਦੂਸ਼ਿਤ ਪਾਣੀ ਪੀਣ ਨਾਲ ਬੀਮਾਰ ਹੋ ਚੁੱਕੇ ਹਨ। ਹੋਰ ਤਾਂ ਹੋਰ ਇਸ ਸਕੂਲ ਵਿਚ ਪਖਾਨੇ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਤੇ ਨਾ ਹੀ ਸਾਫ-ਸਫਾਈ, ਜਿਸ ਕਾਰਨ ਇਨ੍ਹਾਂ ਪਖਾਨਿਆਂ ਦੀ ਹਾਲਤ ਕਾਫੀ ਖਸਤਾ ਹੈ ਤੇ ਇਹ ਗੰਦਗੀ ਨਾ ਭਰੇ ਪਏ ਹਨ।
ਇਸ ਸਕੂਲ ਦੀ ਗਰਾਊਂਡ ਉਪਰੋਂ ਬਿਜਲੀ ਦੀਆਂ ਹਾਈਟੈਨਸ਼ਨ ਤਾਰਾਂ ਲੰਘਦੀਆਂ ਹਨ, ਜਿਸ ਨਾਲ ਕਿਸੇ ਵੀ ਸਮੇਂ ਜਾਨੀ ਹਾਦਸਾ ਹੋ ਸਕਦਾ ਹੈ, ਜਦਕਿ ਬਿਜਲੀ ਵਿਭਾਗ ਨੂੰ ਚਾਹੀਦਾ ਹੈ ਕਿ ਇਨ੍ਹਾਂ ਤਾਰਾਂ ਨੂੰ ਬਦਲ ਕੇ ਹੋਰ ਕਿਸੇ ਪਾਸਿਓਂ ਦੀ ਲੰਘਾਇਆ ਜਾਵੇ। ਇਨ੍ਹਾਂ ਸਾਰੀਆਂ ਸਹੂਲਤਾਂ ਤੋਂ ਵਾਂਝਾ ਹੋਣ ਦੇ ਬਾਵਜੂਦ ਆਪਣੇ ਸਿਰ 'ਤੇ ਅਧਿਆਪਕ ਇਹ ਸਕੂਲ ਚਲਾ ਰਹੇ ਹਨ ਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਘਰੋਂ ਭਰ ਕੇ ਲਿਆਉਂਦੇ ਹਨ ਪਰ ਹੁਣ ਦੇਖਣਾ ਇਹ ਹੈ ਕਿ ਕੀ ਸੰਬੰਧਿਤ ਵਿਭਾਗ ਤੇ ਪੰਜਾਬ ਸਰਕਾਰ ਇਸ ਪਾਸੇ ਧਿਆਨ ਦਿੰਦੀ ਹੈ ਜਾਂ ਫਿਰ ਇਹ ਸਕੂਲ ਇੰਝ ਹੀ ਨਜ਼ਰਅੰਦਾਜ਼ੀ ਦੀ ਮਾਰ ਝੱਲਦੇ ਹੋਏ ਸਹੂਲਤਾਂ ਤੋਂ ਸੱਖਣਾ ਰਹਿੰਦਾ ਹੈ।
ਕੀ ਕਹਿਣਾ ਹੈ ਜ਼ਿਲਾ ਸਿੱਖਿਆ ਅਫਸਰ ਦਾ?
ਉਕਤ ਮਾਮਲੇ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਫਸਰ ਅੰਮ੍ਰਿਤਸਰ ਸੁਖਵਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਜੇ ਕੁਝ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਕੇ ਇਹ ਸਾਰਾ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆ ਕੇ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦਾ ਹਰ ਸੰਭਵ ਯਤਨ ਕਰਨਗੇ।
ਕੀ ਕਹਿਣਾ ਹੈ ਹੈੱਡ ਟੀਚਰ ਦਾ?
ਉਕਤ ਮਾਮਲੇ ਸਬੰਧੀ ਜਦੋਂ ਸਕੂਲ ਦੇ ਹੈੱਡ ਟੀਚਰ ਸਮੀਰ ਪਾਠਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਸਕੂਲ ਦੀਆਂ ਮੁਸ਼ਕਿਲਾਂ ਸਬੰਧੀ 3 ਸਾਲ ਪਹਿਲਾਂ ਡੀ. ਈ. ਓ. ਦਫਤਰ ਨੂੰ ਪੱਤਰ ਲਿਖਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਬੱਚਿਆਂ ਦੀ ਘੱਟ ਗਿਣਤੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਇਹ ਸਕੂਲ ਚਾਰ ਮਾਰਗੀ ਤੋਂ ਪਾਰ ਹੋਣ ਕਰ ਕੇ ਇਕ ਪਿੰਡ ਵਿਚ ਹੈ, ਜਿਸ ਕਰ ਕੇ ਮਾਪੇ ਬੱਚਿਆਂ ਨੂੰ ਇਸ ਸਕੂਲ 'ਚ ਦਾਖਲ ਕਰਵਾਉਣ ਤੋਂ ਗੁਰੇਜ਼ ਕਰਦੇ ਹਨ। ਇਸ ਤੋਂ ਇਲਾਵਾ ਬਲਾਕ ਸੰਮਤੀ ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਪਿੰਡ ਦੀ ਪੰਚਾਇਤ ਤੇ ਸਕੂਲ ਚੇਅਰਮੈਨ ਜਰਮਨ ਸਿੰਘ ਅਲਕੜੇ ਨੂੰ ਸਕੂਲ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ ਪਰ ਪਰਨਾਲਾ ਉਥੇ ਦਾ ਉਥੇ ਹੀ ਖੜ੍ਹਾ ਹੈ।
ਕੀ ਕਹਿਣਾ ਹੈ ਬੀ. ਪੀ. ਈ. ਓ. ਬਲਾਕ ਮਜੀਠਾ-1 ਦਾ?
ਉਕਤ ਮਾਮਲੇ ਸਬੰਧੀ ਬੀ. ਪੀ. ਈ. ਓ. ਬਲਾਕ ਮਜੀਠਾ-1 ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਕੂਲ ਵਿਚ ਬਿਜਲੀ ਦਾ ਪ੍ਰਬੰਧ ਕਰਨ ਲਈ ਪਿੰਡ ਅਲਕੜੇ ਦੀ ਗ੍ਰਾਮ ਪੰਚਾਇਤ ਤੇ ਚੇਅਰਮੈਨ ਗੁਰਵੇਲ ਸਿੰਘ ਨੂੰ ਕਿਹਾ ਸੀ ਪਰ ਪੰਚਾਇਤ ਕੋਲ ਗ੍ਰਾਂਟ ਨਾ ਹੋਣ ਕਰ ਕੇ ਬਿਜਲੀ ਸਪਲਾਈ ਸ਼ੁਰੂ ਨਹੀਂ ਹੋ ਸਕੀ ਕਿਉਂਕਿ ਬਿਜਲੀ ਵਿਭਾਗ ਨੇ ਬਿਜਲੀ ਸਪਲਾਈ ਡੇਢ ਲੱਖ ਰੁਪਏ ਸਕਿਓਰਿਟੀ ਮੰਗੀ ਹੈ, ਇਸ ਲਈ ਹੁਣ ਇਸ ਸਕੂਲ ਨੂੰ ਸਰਕਾਰੀ ਸਕੂਲ ਵਰਿਆਮ ਨੰਗਲ ਨਾਲ ਅਟੈਚ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਮੋਟਰਸਾਈਕਲ ਚੋਰ ਗਿਰੋਹ ਬੇਪਰਦ, 2 ਕਾਬੂ
NEXT STORY