ਜਲਾਲਾਬਾਦ (ਸੇਤੀਆ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲੀ ਪੰਜਾਬ ਸਰਕਾਰ ਦੀ ਮਿਹਨਤ ਸਦਕਾ ਜੈਸਲਮੇਰ ਰਾਜਸਥਾਨ 'ਚ ਫਸੇ 2585 ਮਜ਼ਦੂਰਾਂ ਨੂੰ ਰਾਜਸਥਾਨ ਬਾਰਡਰ ਰਾਹੀਂ ਪੰਜਾਬ ਦੀ ਹੱਦ 'ਚ ਪੈਂਦੇ ਜ਼ਿਲਾ ਫਾਜ਼ਿਲਕਾ ਦੇ ਪਹਿਲੇ ਪਿੰਡ ਗੁੰਮਜਾਲ ਵਿਖੇ ਸਰਕਾਰੀ ਬੱਸਾਂ ਰਾਹੀਂ ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਵਿਡ-19 ਤਹਿਤ ਭਾਰਤ ਸਮੇਤ ਪੰਜਾਬ ਅੰਦਰ ਲੋਕ ਹਿੱਤਾਂ ਨੂੰ ਦੇਖਦਿਆਂ ਤਾਲਾਬੰਦੀ ਕੀਤੀ ਗਈ ਸੀ ਅਤੇ ਪੰਜਾਬ ਅੰਦਰ ਕਰਫਿਊ ਵੀ ਲਗਾਇਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਬਾਹਰਲੇ ਰਾਜਾਂ ਅੰਦਰ ਫਸੇ ਲੋਕਾਂ ਨੂੰ ਬੱਸਾਂ ਰਾਹੀ ਵਾਪਸ ਲਿਆਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵੱਡੀ ਮੁਹਿੰਮ ਚਲਾਈ ਗਈ ਹੈ ਜਿਸਦੇ ਨਾਲ ਪੰਜਾਬ ਦੇ ਲੋਕ ਆਪਣੇ ਘਰਾਂ 'ਚ ਪਰਤਣੇ ਸ਼ੁਰੂ ਹੋ ਗਏ ਹਨ।
ਸ੍ਰ. ਸੰਧੂ ਨੇ ਦੱਸਿਆ ਕਿ ਬੀਤੇ ਦੋ ਦਿਨ ਪਹਿਲਾ ਫਾਜ਼ਿਲਕਾ ਬੱਸ ਸਟੈਂਡ ਤੋਂ 61 ਸਰਕਾਰੀ ਬੱਸਾਂ ਜੈਸਲਮੇਰ ਰਾਜਸਥਾਨ ਵਿਖੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ 2585 ਮਜ਼ਦੂਰ ਜੋ ਲਾਕਡਾਊਨ ਕਰਕੇ ਫਸੇ ਹੋਏ ਸਨ ਨੂੰ ਲੈ ਕੇ ਪਰਤੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ 25 ਟੀਮਾਂ ਵੱਲੋਂ ਸਾਮਾਜਿਕ ਦੂਰੀ ਦਾ ਧਿਆਨ ਰੱਖਦਿਆਂ 8 ਪੈਟਰੋਲ ਪੰਪਾਂ 'ਤੇ ਇਨ੍ਹਾਂ ਮਜ਼ਦੂਰਾਂ ਦੀ ਸਕਰੀਨਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਦੇ ਸੈਂਪਲ ਲੈ ਕੇ ਨਤੀਜੇ ਆਉਣ ਤੱਕ ਤਹਿਸੀਲ ਵਾਈਜ਼ ਸਬ-ਡਵੀਜ਼ਨ ਫ਼ਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਸਥਾਪਿਤ ਕੁਆਰੰਟੀਨ ਸੈਂਟਰਾਂ ਵਿਖੇ ਰੱਖਿਆ ਜਾਵੇਗਾ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਰਿਪੋਰਟ ਆਉਣ 'ਤੇ ਮੁੜ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੂਜੇ ਜ਼ਿਲਿਆਂ ਦੀ ਲੇਬਰ ਨੂੰ ਸਕਰੀਨਿੰਗ ਕਰਨ ਤੋਂ ਬਾਅਦ ਸਬੰਧਤ ਜ਼ਿਲਿਆਂ 'ਚ ਬੱਸਾਂ ਰਾਹੀਂ ਰਵਾਨਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਦੇ 1104 ਮਜ਼ਦੂਰਾਂ ਸਮੇਤ ਸਮੁੱਚੀ ਲੇਬਰ ਨੇ ਪੰਜਾਬ ਪਰਤਣ 'ਤੇ ਪੰਜਾਬ ਸਰਕਾਰ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ।ਡਿਪਟੀ ਕਮਿਸ਼ਨਰ ਸ੍ਰ. ਸੰਧੂ ਅਤੇ ਜ਼ਿਲਾ ਪੁਲਸ ਮੁਖੀ ਸ. ਹਰਜੀਤ ਸਿੰਘ ਨੇ ਮਜ਼ਦੂਰਾਂ ਦੀ ਕੀਤੀ ਜਾ ਰਹੀ ਸਕਰੀਨਿੰਗ ਦਾ ਨਿੱਜੀ ਤੌਰ 'ਤੇ ਪਿੰਡ ਗੁੰਮਜਾਲ ਵਿਖੇ ਪਹੁੰਚ ਕੇ ਜਾਇਜ਼ਾ ਲਿਆ। ਜ਼ਿਲਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਸਾਰੇ ਮਜ਼ਦੂਰਾਂ ਲਈ ਖਾਣਾ ਅਤੇ ਚਾਹ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਇਸ ਮੌਕੇ ਫਾਜ਼ਿਲਕਾ ਜ਼ਿਲੇ ਦੇ ਅਬੋਹਰ ਸ਼ਹਿਰ ਦੇ ਯਾਤਰੀ ਸੁਭਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਉਪਰਾਲਿਆਂ ਸਦਕਾ ਹੀ ਉਨ੍ਹਾਂ ਦੀ ਪੰਜਾਬ ਵਾਪਸੀ ਸੰਭਵ ਹੋਈ। ਉਸਨੇ ਦੱਸਿਆ ਕਿ ਕਰਫਿਊ ਕਾਰਨ ਉਹ ਰਾਜਸਥਾਨ ਹੀ ਫਸ ਗਏ ਸਨ। ਯਾਤਰੀਆਂ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਰੂਚੀ ਲੈ ਕੇ ਉਨ੍ਹਾਂ ਦੀ ਵਾਪਸੀ ਲਈ ਰਾਹ ਪੱਧਰਾ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।ਇੱਥੇ ਜ਼ਿਕਰਯੋਗ ਹੈ ਜੈਸਲਮੇਰ ਵਿਖੇ ਫਸੇ ਮਜ਼ਦੂਰਾਂ 'ਚ ਫਾਜ਼ਿਲਕਾ ਨਾਲ ਸਬੰਧਤ 1104, ਸ੍ਰੀ ਮੁਕਤਸਰ ਦੇ 683, ਬਠਿੰਡਾ ਦੇ 300, ਫਰੀਦਕੋਟ ਦੇ 217, ਫਿਰੋਜ਼ਪੁਰ ਦੇ 57, ਮਾਨਸਾ ਦੇ 23, ਪਟਿਆਲਾ ਦੇ 20, ਜਲੰਧਰ ਦੇ 15, ਲੁਧਿਆਣਾ ਦੇ 11, ਮੋਗਾ ਦੇ 32, ਬਰਨਾਲਾ ਦੇ 20, ਕਪੂਰਥਲਾ ਦੇ 29 ਅਤੇ ਸੰਗਰੂਰ ਦੇ 74 ਮਜ਼ਦੂਰ ਸ਼ਾਮਲ ਹਨ।
ਦੁਬਈ 'ਚ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਪਰਿਵਾਰ ਨੂੰ ਲਾਸ਼ ਦੇਣ ਤੋਂ ਕੀਤਾ ਇਨਕਾਰ
NEXT STORY