ਲੁਧਿਆਣਾ (ਹਿਤੇਸ਼)-ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਦੀਆਂ ਇਮਾਰਤੀ ਸ਼ਾਖਾ 'ਚ ਸਟਾਫ ਦੀ ਕਮੀ ਪੂਰੀ ਕਰਨ ਦੇ ਨਾਂ 'ਤੇ ਨਵੇਂ ਟੈਕਨੀਕਲ ਇੰਸਪੈਕਟਰ ਭਰਤੀ ਕੀਤੇ ਗਏ ਹਨ, ਉਨ੍ਹਾਂ ਵਿਚੋਂ 6 ਦੀ ਪੋਸਟਿੰਗ ਲੁਧਿਆਣਾ ਵਿਚ ਕੀਤੀ ਗਈ ਹੈ। ਹਾਲਾਂਕਿ ਇਸ ਤਰ੍ਹਾਂ ਨਵਾਂ ਸਟਾਫ ਆਉਣ ਦੇ ਬਾਵਜੂਦ ਨਗਰ ਨਿਗਮ ਵਿਚ ਮਨਜ਼ੂਰਸ਼ੁਦਾ ਪੋਸਟਾਂ ਦੇ ਮੁਕਾਬਲੇ ਇਮਾਰਤੀ ਇੰਸਪੈਕਟਰਾਂ ਦੀ ਕਮੀ ਪੂਰੀ ਨਹੀਂ ਹੋਵੇਗੀ ਪਰ ਪੁਰਾਣੇ ਇੰਸਪੈਕਟਰਾਂ ਦੇ ਇਲਾਕੇ ਵਿਚ ਹੋਈਆਂ ਨਾਜਾਇਜ਼ ਉਸਾਰੀਆਂ ਦੀ ਪੋਲ ਜ਼ਰੂਰ ਖੁੱਲ੍ਹਣ ਜਾ ਰਹੀ ਹੈ।
ਇਸ ਦੇ ਤਹਿਤ ਨਵੇਂ ਇੰਸਪੈਕਟਰਾਂ ਨੂੰ ਅਡਜਸਟ ਕਰਨ ਲਈ ਪੁਰਾਣੇ ਇੰਸਪੈਕਟਰਾਂ ਦਾ ਏਰੀਆ ਬਦਲ ਦਿੱਤਾ ਗਿਆ ਹੈ ਜਾਂ ਫਿਰ ਜਿਨ੍ਹਾਂ ਇੰਸਪੈਕਟਰਾਂ ਦੇ ਕੋਲ ਦੋ ਇਲਾਕੇ ਸਨ, ਉਨ੍ਹਾਂ ਦੇ ਲੋਡ ਨੂੰ ਵੀ ਘੱਟ ਕੀਤਾ ਗਿਆ ਹੈ। ਜਿੱਥੇ ਭੇਜੇ ਗਏ ਨਵੇਂ ਇੰਸਪੈਕਟਰਾਂ ਨੂੰ ਇਲਾਕੇ ਵਿਚ ਹੋ ਰਹੀਆਂ ਸਾਰੀਆਂ ਨਾਜਾਇਜ਼ ਉਸਾਰੀਆਂ ਦੀ ਲਿਸਟ ਤਿਆਰ ਕਰਨ ਲਈ ਕਿਹਾ ਗਿਆ ਹੈ, ਜਿਸ ਨਾਲ ਬਿਨਾਂ ਨਕਸ਼ਾ ਪਾਸ ਕਰਵਾਏ ਬਣ ਰਹੀਆਂ ਇਮਾਰਤਾਂ ਵੱਡੀ ਗਿਣਤੀ ਵਿਚ ਸਾਹਮਣੇ ਆਈਆਂ ਹਨ, ਜਿਨ੍ਹਾਂ ਦੇ ਚਲਾਨ ਪਾ ਕੇ ਨਾ ਤਾਂ ਜੁਰਮਾਨਾ ਲਾਇਆ ਗਿਆ ਹੈ ਅਤੇ ਨਾ ਹੀ ਨਾਨ ਕੰਪਾਊਂਡੇਬਲ ਇਲਾਕੇ ਨੂੰ ਡੇਗਣ ਦੀ ਕਾਰਵਾਈ ਕੀਤੀ ਗਈ ਹੈ।
ਇਲਾਕਾ ਬਦਲਣ 'ਤੇ ਪੁਰਾਣੇ ਇੰਸਪੈਕਟਰ ਲਈ ਆ ਸਕਦੀ ਹੈ ਰਿਸ਼ਵਤ ਮੋੜਨ ਦੀ ਨੌਬਤ
ਹੁਣ ਨਵੇਂ ਇੰਸਪੈਕਟਰ ਨਾਜਾਇਜ਼ ਉਸਾਰੀਆਂ ਦੇ ਚਲਾਨ ਜਾਰੀ ਕਰਨ ਵਿਚ ਲੱਗੇ ਹੋਏ ਹਨ, ਜਿਸ ਨਾਲ ਪੁਰਾਣੇ ਇੰਸਪੈਕਟਰਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ, ਕਿਉਂਕਿ ਉਨ੍ਹਾਂ ਨੇ ਸੈਟਿੰਗ ਕਰ ਕੇ ਜੋ ਉਸਾਰੀਆਂ ਕਰਵਾਈਆਂ ਹਨ, ਉਨ੍ਹਾਂ ਨੂੰ ਚਲਾਨ ਜਾਰੀ ਹੋਣ ਤੋਂ ਬਾਅਦ ਜੁਰਮਾਨਾ ਲੱਗਣ ਜਾਂ ਬੁਲਡੋਜ਼ਰ ਚਲਾਉਣ ਦੀ ਸੂਰਤ ਵਿਚ ਪੁਰਾਣੇ ਇਮਾਰਤੀ ਇੰਸਪੈਕਟਰਾਂ ਲਈ ਪਹਿਲਾਂ ਲਈ ਗਈ ਰਿਸ਼ਵਤ ਦੀ ਰਕਮ ਮੋੜਨ ਦੀ ਨੌਬਤ ਆ ਸਕਦੀ ਹੈ।
ਕਾਲੋਨੀਆਂ ਨਾਜਾਇਜ਼ ਮੰਨਣ ਦੇ ਬਾਵਜੂਦ ਕਾਰਵਾਈ ਕਰਨ ਨੂੰ ਤਿਆਰ ਨਹੀਂ ਜ਼ੋਨ ਸੀ ਦੇ ਏ. ਟੀ. ਪੀ.
ਨਗਰ ਨਿਗਮ ਦੀ ਇਮਾਰਤੀ ਸ਼ਾਖਾ ਦੇ ਅÎਧਿਕਾਰੀ ਆਮ ਤੌਰ 'ਤੇ ਸਟਾਫ ਦੀ ਕਮੀ ਕਾਰਨ ਨਾਜਾਇਜ਼ ਉਸਾਰੀਆਂ ਦੀ ਸੂਚਨਾ ਨਾ ਮਿਲਣ ਜਾਂ ਕਾਰਵਾਈ ਨਾ ਹੋਣ ਦਾ ਬਹਾਨਾ ਬਣਾਉਂਦੇ ਹਨ ਪਰ ਜ਼ੋਨ ਸੀ ਨਾਲ ਜੁੜਿਆ ਇਕ ਅਜਿਹਾ ਕੇਸ ਸਾਹਮਣੇ ਆਇਆ ਹੈ, ਜਿਸ ਵਿਚ ਏ. ਟੀ. ਪੀ. ਕੁਲਜੀਤ ਮਾਂਗਟ ਨੇ ਆਰ. ਟੀ. ਆਈ. ਐਕਟ ਤਹਿਤ ਮੁਹੱਈਆ ਕਰਵਾਈ ਸੂਚਨਾ ਵਿਚ ਲੋਹਾਰਾ ਦੇ ਸਤਿਸੰਗ ਘਰ ਨੇੜੇ ਬਣ ਰਹੀਆਂ ਕਾਲੋਨੀਆਂ ਦੇ ਨਾਜਾਇਜ਼ ਹੋਣ ਦੀ ਗੱਲ ਨੂੰ ਤਾਂ ਕਬੂਲ ਕਰ ਲਿਆ ਹੈ ਪਰ ਇਹ ਕਾਲੋਨੀਆਂ ਬਣਨ ਲਈ ਜ਼ਿੰਮੇਵਾਰ ਅਧਿਕਾਰੀਆਂ ਜਾਂ ਉਨ੍ਹਾਂ 'ਤੇ ਹੋਈ ਕਾਰਵਾਈ ਦਾ ਬਿਓਰਾ ਦੇਣ ਨੂੰ ਤਿਆਰ ਨਹੀਂ ਹਨ। ਜਦੋਂਕਿ ਇਹ ਕਾਲੋਨੀਆਂ ਮਾਸਟਰ ਪਲਾਨ ਦੀਆਂ ਸ਼ਰਤਾਂ ਦੀ ਉਲੰਘਣਾ ਕਰ ਰਹੀਆਂ ਹਨ, ਜਿਨ੍ਹਾਂ ਬਦਲੇ ਚੇਂਜ ਆਫ ਲੈਂਡ ਯੂਜ਼ ਅਤੇ ਡਿਵੈੱਲਪਮੈਂਟ ਚਾਰਜਿਜ਼ ਨਾ ਮਿਲਣ ਤੋਂ ਨਗਰ ਨਿਗਮ ਦੇ ਕਰ ਨੂੰ ਵੀ ਨੁਕਸਾਨ ਹੋ ਰਿਹਾ ਹੈ।
ਏਅਰਪੋਰਟ ਰੋਡ 'ਤੇ ਜਾਮ ਲਾਉਣ ਵਾਲੇ ਕਾਂਗਰਸੀ ਤੇ ਅਕਾਲੀ ਆਗੂਆਂ ਸਮੇਤ 60 ਖਿਲਾਫ ਕੇਸ ਦਰਜ
NEXT STORY