ਨਵੀਂ ਦਿੱਲੀ: ਦੁਨੀਆ ਦੀ ਸਭ ਤੋਂ ਵੱਡੀ ਬਾਇਓਮੀਟ੍ਰਿਕ ਪਛਾਣ ਪ੍ਰਣਾਲੀ 'ਆਧਾਰ' ਦੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਕੇਂਦਰ ਸਰਕਾਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਹੁਣ ਤੱਕ 2.5 ਕਰੋੜ ਤੋਂ ਵੱਧ ਅਜਿਹੇ ਆਧਾਰ ਨੰਬਰ ਨਿਸ਼ਕਿਰਿਆ (ਦੇਐਕਟੀਵੇਟ) ਕਰ ਦਿੱਤੇ ਹਨ। ਇਸ ਕਾਰਵਾਈ ਦਾ ਮੁੱਖ ਮਕਸਦ ਆਧਾਰ ਡਾਟਾਬੇਸ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਰੱਖਣਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨੂੰ ਰੋਕਿਆ ਜਾ ਸਕੇ।
ਲੋਕ ਸਭਾ ਵਿੱਚ ਦਿੱਤੀ ਗਈ ਜਾਣਕਾਰੀ
ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਇਸ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ ਪੂਰੇ ਦੇਸ਼ 'ਚ ਚੱਲ ਰਹੀ ਹੈ ਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਸਿਰਫ਼ ਸਹੀ ਅਤੇ ਜਿਉਂਦੇ ਲਾਭਪਾਤਰੀਆਂ ਤੱਕ ਹੀ ਪਹੁੰਚੇ।
ਧੋਖਾਧੜੀ ਦੇ ਖ਼ਤਰੇ ਨੂੰ ਰੋਕਣ ਲਈ ਚੁੱਕਿਆ ਕਦਮ
ਸਰਕਾਰ ਅਨੁਸਾਰ, ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦਾ ਆਧਾਰ ਨੰਬਰ ਸਰਗਰਮ ਰਹਿਣਾ ਪਛਾਣ ਨਾਲ ਜੁੜੀ ਧੋਖਾਧੜੀ ਦਾ ਕਾਰਨ ਬਣ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ ਮ੍ਰਿਤਕ ਵਿਅਕਤੀ ਦੇ ਆਧਾਰ ਦੀ ਵਰਤੋਂ ਕਰਕੇ ਗਲਤ ਤਰੀਕੇ ਨਾਲ ਬੈਂਕ ਖਾਤੇ ਖੋਲ੍ਹਣ, ਸਿਮ ਕਾਰਡ ਲੈਣ ਜਾਂ ਸਰਕਾਰੀ ਯੋਜਨਾਵਾਂ ਦਾ ਨਾਜਾਇਜ਼ ਲਾਭ ਲੈਣ ਦਾ ਖ਼ਤਰਾ ਬਣਿਆ ਰਹਿੰਦਾ ਸੀ। ਦੇਸ਼ ਵਿੱਚ ਇਸ ਸਮੇਂ ਲਗਭਗ 134 ਕਰੋੜ ਸਰਗਰਮ ਆਧਾਰ ਧਾਰਕ ਹਨ ਅਤੇ ਇੰਨੇ ਵੱਡੇ ਸਿਸਟਮ ਨੂੰ ਅਪਡੇਟ ਰੱਖਣਾ ਇੱਕ ਵੱਡੀ ਚੁਣੌਤੀ ਹੈ।
ਸੁਰੱਖਿਆ ਲਈ ਨਵੇਂ ਤਕਨੀਕੀ ਉਪਾਅ
ਆਧਾਰ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਰਕਾਰ ਨੇ ਕਈ ਨਵੇਂ ਫੀਚਰ ਵੀ ਸ਼ਾਮਲ ਕੀਤੇ ਹਨ।
• ਬਾਇਓਮੀਟ੍ਰਿਕ ਲਾਕ/ਅਨਲਾਕ: ਲੋਕ ਹੁਣ ਆਪਣੀ ਫਿੰਗਰਪ੍ਰਿੰਟ ਅਤੇ ਆਈਰਿਸ ਜਾਣਕਾਰੀ ਨੂੰ ਲਾਕ ਕਰ ਸਕਦੇ ਹਨ ਤਾਂ ਜੋ ਬਿਨਾਂ ਇਜਾਜ਼ਤ ਇਸ ਦੀ ਵਰਤੋਂ ਨਾ ਹੋ ਸਕੇ।
• ਫੇਸ ਅਥੈਂਟੀਕੇਸ਼ਨ: ਚਿਹਰੇ ਦੀ ਪਛਾਣ ਪ੍ਰਣਾਲੀ ਵਿੱਚ 'ਲਾਈਵਨੈੱਸ ਡਿਟੈਕਸ਼ਨ' ਫੀਚਰ ਜੋੜਿਆ ਗਿਆ ਹੈ, ਜੋ ਇਹ ਪੱਕਾ ਕਰਦਾ ਹੈ ਕਿ ਸਾਹਮਣੇ ਅਸਲੀ ਵਿਅਕਤੀ ਮੌਜੂਦ ਹੈ।
• ਨਵੀਂ ਆਧਾਰ ਐਪ: ਸਰਕਾਰ ਨੇ ਇੱਕ ਨਵੀਂ ਐਪ ਲਾਂਚ ਕੀਤੀ ਹੈ, ਜਿਸ ਰਾਹੀਂ ਪਰਿਵਾਰਕ ਮੈਂਬਰ ਆਪਣੇ ਕਿਸੇ ਮੈਂਬਰ ਦੀ ਮੌਤ ਦੀ ਸੂਚਨਾ ਆਸਾਨੀ ਨਾਲ ਦੇ ਸਕਦੇ ਹਨ।
ਸਰਕਾਰ ਨੇ ਸਾਰੀਆਂ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਧਾਰ ਨੰਬਰ ਨੂੰ 'ਡਾਟਾ ਵਾਲਟ' ਵਿੱਚ ਇਨਕ੍ਰਿਪਟਡ ਰੂਪ ਵਿੱਚ ਰੱਖਣ ਤਾਂ ਜੋ ਸੁਰੱਖਿਆ ਹੋਰ ਮਜ਼ਬੂਤ ਹੋ ਸਕੇ। ਸਰਕਾਰ ਅਨੁਸਾਰ ਇਹ ਸਾਰੀ ਕਵਾਇਦ ਆਧਾਰ ਸਿਸਟਮ ਨੂੰ ਪਾਰਦਰਸ਼ੀ ਅਤੇ ਭਰੋਸੇਮੰਦ ਬਣਾਉਣ ਵੱਲ ਇੱਕ ਅਹਿਮ ਕਦਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
''ਅਗਲੇ 4-5 ਦਿਨਾਂ 'ਚ..!'', ਭਾਰਤ-US ਵਪਾਰ ਸਮਝੌਤੇ ਨੂੰ ਲੈ ਕੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਦਿੱਤਾ ਵੱਡਾ ਬਿਆਨ
NEXT STORY