ਸੰਗਰੂਰ (ਬੇਦੀ)—ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਵੱਲੋਂ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ 'ਤੇ ਲਾਏ ਪੱਕੇ ਮੋਰਚੇ ਦੇ 35 ਵੇਂ ਦਿਨ ਧਰਨਾ ਸਥਾਨ ਤੋਂ ਕਾਫਲਾ ਮੁੱਲਾਂਪੁਰ-ਦਾਖਾ ਲਈ ਰਵਾਨਾ ਹੋਇਆ। ਮੁੱਲਾਂਪੁਰ-ਦਾਖ਼ਾ ਹਲਕੇ ਦੀ ਜ਼ਿਮਨੀ ਚੋਣ 21 ਅਕਤੂਬਰ ਨੂੰ ਹੋ ਰਹੀ ਹੈ, ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਅਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਚੋਣ ਲੜ ਰਹੇ ਹਨ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਣਦੀਪ ਸੰਗਤਪੁਰਾ, ਜ਼ਿਲਾ ਆਗੂ ਜਸਵਿੰਦਰ ਸ਼ਾਹਪੁਰ, ਰਣਜੀਤ ਕੋਟੜਾ, ਕੁਲਵੰਤ ਲੌਂਗੋਵਾਲ ਨੇ ਕਿਹਾ ਕਿ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਵੱਲੋਂ ਦਾਖ਼ਾ ਵਿਖੇ 13 ਅਕਤੂਬਰ ਨੂੰ ਰੱਖੇ ਸੂਬਾਈ ਰੋਸ-ਮਾਰਚ ਦੌਰਾਨ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਪੋਲ ਖੋਲ੍ਹੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ 2017 ਦੀਆਂ ਵਿਧਾਨ-ਸਭਾ ਚੋਣਾਂ ਦੌਰਾਨ ਨੌਜਵਾਨਾਂ ਨਾਲ ਕੀਤੇ ਘਰ-ਘਰ ਨੌਕਰੀ, 2500 ਰੁਪਏ ਬੇਰੁਜ਼ਗਾਰੀ ਭੱਤਾ ਅਤੇ ਸਮਾਰਟ ਫੋਨ ਵਰਗੇ ਵਾਅਦਿਆਂ ਨੂੰ ਪੂਰਾ ਕਰਨ 'ਅਸਫਲ ਰਹੇ ਹਨ। ਸੰਗਰੂਰ ਵਿਖੇ ਇੱਕ ਮਹੀਨੇ ਤੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਦੀ ਵੀ ਕੋਈ ਮੰਗ ਨਹੀਂ ਮੰਨੀ ਗਈ, ਜਿਸ ਕਰਕੇ ਬੇਰੁਜ਼ਗਾਰ ਬੀ.ਐੱਡ ਅਧਿਆਪਕ ਜ਼ਿਮਨੀ ਚੋਣ ਹਲਕਿਆਂ 'ਚ 'ਰੁਜ਼ਗਾਰ ਨਹੀਂ-ਵੋਟ ਨਹੀਂ' ਮੁਹਿੰਮ ਰਾਹੀਂ ਆਪਣਾ ਸੰਘਰਸ਼ ਤੇਜ਼ ਕਰਨਗੇ। ਇਸ ਦੌਰਾਨ ਰਣਬੀਰ ਨਦਾਮਪੁਰ, ਸੁਖਪਾਲ ਖਾਨ, ਮੱਖਣ ਸ਼ੇਰੋਂ, ਪ੍ਰਿਤਪਾਲ ਸ਼ੇਰੋਂ ਨੇ ਵੀ ਸੰਬੋਧਨ ਕੀਤਾ।
ਸ੍ਰੀ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ 'ਚ ਗ੍ਰਿਫਤਾਰ 27 ਵਿਅਕਤੀ ਭਲਕੇ ਹੋਣਗੇ ਰਿਹਾਅ
NEXT STORY