ਅੰਮ੍ਰਿਤਸਰ, (ਦਲਜੀਤ)- ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਟੀ. ਬੀ. ਹਸਪਤਾਲ ਬਿਨਾਂ ਦਵਾਈਆਂ ਤੋਂ ਚਲ ਰਿਹਾ ਹੈ। ਮਰੀਜ਼ਾਂ ਨੂੰ ਮੁਫਤ ਮਿਲਣ ਵਾਲੀਆਂ ਦਵਾਈਆਂ ਦਾ ਮਹੱਤਵਪੂਰਨ ਸਟਾਕ ਪਿਛਲੇ ਕਈ ਮਹੀਨਿਆਂ ਤੋਂ ਖਤਮ ਹੈ। ਸਰਕਾਰ ਦੀ ਢਿੱਲਮੱਠ ਕਾਰਨ ਜਿਥੇ ਮਰੀਜ਼ ਨੂੰ ਮਿਲਣ ਵਾਲੀ ਮੁਫਤ ਦਵਾਈ ਮੁੱਲ ਲਿਆਉਣੀ ਪੈ ਰਹੀ ਹੈ, ਉਥੇ ਹੀ ਹਸਪਤਾਲ ਪ੍ਰਸ਼ਾਸਨ ਵੱਲੋਂ ਵਾਰ-ਵਾਰ ਦਵਾਈਆਂ ਦੀ ਸਪਲਾਈ ਮੰਗੇ ਜਾਣ ਦੇ ਬਾਵਜੂਦ ਡਰੱਗ ਹਾਊਸ ਵੇਰਕਾ ਵੱਲੋਂ ਜ਼ਰੂਰੀ ਦਵਾਈਆਂ ਮੁਹੱਈਆ ਨਹੀਂ ਕਰਵਾਈ ਜਾ ਰਹੀਆਂ ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਮਾਝੇ ਦੇ ਲੋਕਾਂ ਲਈ ਸਰਕਾਰੀ ਮੈਡੀਕਲ ਕਾਲਜ ਅਧੀਨ ਸੂਬੇ ਦਾ ਪਹਿਲਾ 100 ਬੈੱਡ ਦਾ ਸਰਕਾਰੀ ਟੀ. ਬੀ. ਹਸਪਤਾਲ ਨਜ਼ਦੀਕ ਫੋਰ ਐੱਸ. ਚੌਕ ਵਿਖੇ 40 ਸਾਲ ਦੇ ਕਰੀਬ ਪਹਿਲਾਂ ਖੋਲ੍ਹਿਆ ਗਿਆ ਸੀ। ਸਰਕਾਰ ਦਾ ਮੁੱਖ ਮਕਸਦ ਲੋੜਵੰਦ ਛਾਤੀ, ਟੀ. ਬੀ. ਤੇ ਖਾਂਸੀ ਦੇ ਰੋਗਾਂ ਦਾ ਮੁਫਤ ਇਲਾਜ ਕਰਨਾ ਸੀ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦਾ ਹਸਪਤਾਲ ਵੱਲ ਧਿਆਨ ਨਾ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਮਰੀਜ਼ਾਂ ਦੀ ਸੁਵਿਧਾ ਲਈ 70 ਤਰ੍ਹਾਂ ਦੀਆਂ ਮੁਫਤ ਮਹੱਤਵਪੂਰਨ ਦਵਾਈਆਂ ਮੁਹੱਈਆ ਕਰਵਾਉਣ ਦੀ ਰੂਪ-ਰੇਖਾ ਉਲੀਕੀ ਹੋਈ ਹੈ ਪਰ ਹਸਪਤਾਲ ਪਿਛਲੇ ਲੰਬੇ ਸਮੇਂ ਸਿਰਫ 20 ਤਰ੍ਹਾਂ ਦੀਆਂ ਦਵਾਈਆਂ ਹੀ ਆ ਰਹੀਆਂ ਹਨ ਜਦਕਿ ਮਹੱਤਵਪੂਰਨ ਐਂਟੀਬਾਇਟਿਕ ਬਿਲਕੁਲ ਹੀ ਖਤਮ ਹਨ। ਹਸਪਤਾਲ ਦੇ ਉੱਚ ਅਧਿਕਾਰੀਆਂ ਵਲੋਂ ਕਈ ਵਾਰ ਮੈਡੀਕਲ ਸਿੱਖਿਆ ਤੋਂ ਖੋਜ ਵਿਭਾਗ ਦੇ ਡਾਇਰੈਕਟਰ ਨੂੰ ਵੀ ਦਵਾਈਆਂ ਖਤਮ ਤੇ ਜਲਦ ਪਹੁੰਚਾਉਣ ਦਾ ਯਾਦ-ਪੱਤਰ ਦਿੱਤਾ ਗਿਆ ਹੈ ਪਰ ਅੱਜ ਤੱਕ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ।
4 ਮਹੀਨਿਆਂ ਤੋਂ ਨਹੀਂ ਆਈ ਕਫ ਸਿਰਪ
ਹਸਪਤਾਲ 'ਚ ਮਰੀਜ਼ਾਂ ਦੇ ਇਲਾਜ ਲਈ ਕਫ ਸਿਰਪ ਦੀ ਬੇਹੱਦ ਲੋੜ ਹੈ ਪਰ ਪਿਛਲੇ 4 ਮਹੀਨਿਆਂ ਤੋਂ ਇਹ ਕਫ ਸਿਰਪ ਹੀ ਵੇਰਕਾ ਡਰੱਗ ਹਾਊਸ ਵੱਲੋਂ ਸਪਲਾਈ ਨਹੀਂ ਕੀਤਾ ਗਿਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ 2 ਲੱਖ ਸਿਰਪ ਦੀ ਮੰਗ ਕੀਤੀ ਗਈ ਹੈ ਪਰ ਅਫਸੋਸ 2 ਲੱਖ ਦੀ 2 ਸਿਰਪ ਵੀ ਵੇਅਰਹਾਊਸ ਵੱਲੋਂ ਨਹੀਂ ਦਿੱਤੇ ਜਾ ਰਹੇ।
ਆਨ ਲਾਈਨ ਪ੍ਰਕਿਰਿਆ ਵੀ ਹੋਈ ਠੁੱਸ
ਪੰਜਾਬ ਸਰਕਾਰ ਵੱਲੋਂ ਦਵਾਈਆਂ ਦੀ ਹਸਪਤਾਲ 'ਚ ਆਉਣ ਵਾਲੀ ਘਾਟ ਨੂੰ ਪੂਰਾ ਕਰਨ ਲਈ ਆਨ ਲਾਈਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਜਦੋਂ-ਜਦੋਂ ਦਵਾਈ ਘੱਟ ਹੋ ਜਾਂਦੀ ਹੈ। ਉਸ ਸਮੇਂ ਆਨ ਲਾਈਨ ਤਹਿਤ ਮੰਗ ਭੇਜ ਦਿੱਤੀ ਜਾਂਦੀ ਹੈ ਪਰ ਅਫਸੋਸ ਕਿ ਦਵਾਈਆਂ ਦੀ ਘਾਟ ਦੂਰ ਕਰਨ ਲਈ ਸ਼ੁਰੂ ਕੀਤੀ ਆਨ ਲਾਈਨ ਸੇਵਾ ਵੀ ਹੁਣ ਠੱਪ ਹੋ ਕੇ ਰਹਿ ਗਈ ਹੈ।
ਰੋਜ਼ਾਨਾ ਆਉਂਦੇ ਹਨ ਹਜ਼ਾਰਾਂ ਮਰੀਜ਼
ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਟੀ.ਬੀ. ਹਸਪਤਾਲ ਵਿਚ ਰੋਜ਼ਾਨਾ 2 ਹਜ਼ਾਰ ਦੇ ਕਰੀਬ ਮਰੀਜ਼ ਆਉਂਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਮਰੀਜ਼ਾਂ ਨੂੰ ਮੁਫਤ ਮਿਲਣ ਵਾਲੀ ਦਵਾਈ ਨਸੀਬ ਹੀ ਨਹੀਂ ਹੋ ਰਹੀ। ਕਈ ਲੋੜਵੰਦ ਮਰੀਜ਼ ਤਾਂ ਛਾਤੀ ਦੇ ਰੋਗਾਂ ਦੀ ਦਵਾਈ ਬੇਹੱਦ ਮਹਿੰਗੀ ਹੋਣ ਕਾਰਨ ਆਪਣਾ ਇਲਾਜ ਅੱਧ-ਵਿਚਾਲੇ ਹੀ ਛੱਡ ਜਾਂਦੇ ਹਨ।
ਨਸ਼ੀਲਾ ਪ੍ਰਸ਼ਾਦ ਖੁਆ ਕੇ ਬਜ਼ੁਰਗ ਨੂੰ ਲੁੱਟਿਆ
NEXT STORY