ਜਲੰਧਰ (ਚੋਪੜਾ)— ਗਾਰਡੀਅਨ ਆਫ ਗਵਰਨੈਂਸ (ਜੀ. ਓ. ਜੀ.) ਟੀਮ ਦੀ ਮੁੱਖ ਜ਼ਿੰਮੇਵਾਰੀ ਵਿਕਾਸ ਕਾਰਜਾਂ ਵਿਚ ਪਾਰਦਰਸ਼ਿਤਾ ਲਿਆਉਣ ਅਤੇ ਸਰਕਾਰੀ ਖਜ਼ਾਨੇ ਦੇ ਰੱਖਿਅਕ ਦੀ ਭੂਮਿਕਾ ਨਿਭਾਉਣ ਦੀ ਹੈ। ਉਕਤ ਸ਼ਬਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ ਟੀ. ਐੱਸ. ਸ਼ੇਰਗਿੱਲ ਨੇ ਸਥਾਨਕ ਕੈਂਟ ਦੇ ਵਜਰਾ ਸੈਨਿਕ ਇੰਸਟੀਚਿਊਟ ਵਿਚ ਜੀ. ਓ. ਜੀ. ਦੀ ਇਕ ਬੈਠਕ ਨੂੰ ਸੰਬੋਧਨ ਕਰਨ ਦੌਰਾਨ ਕਹੇ। ਇਸ ਦੌਰਾਨ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ, ਕੈਪਟਨ ਅਮਰਿੰਦਰ ਦੇ ਓ. ਐੱਸ. ਡੀ. ਮੇਜਰ ਅਮਰਦੀਪ ਸਿੰਘ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਖਾਸ ਤੌਰ 'ਤੇ ਮੌਜੂਦ ਸਨ। ਸ਼ੇਰਗਿੱਲ ਨੇ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਵੱਲੋਂ ਵਿਕਾਸ ਪ੍ਰਾਜੈਕਟਾਂ ਅਤੇ ਹੋਰ ਸਰਕਾਰੀ ਕੰਮਾਂ ਵਿਚ ਜ਼ਿੰਮੇਵਾਰੀ ਨਿਰਧਾਰਿਤ ਕਰਨ ਲਈ ਜੀ. ਓ. ਜੀ. ਦਾ ਗਠਨ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਵਿਕਾਸ ਪ੍ਰਾਜੈਕਟਾਂ ਅਤੇ ਹੋਰ ਸਰਕਾਰੀ ਕੰਮਾਂ ਵਿਚ ਜ਼ਿੰਮੇਵਾਰੀ ਫਿਕਸ ਕਰਨ ਲਈ ਜੀ. ਓ. ਜੀ. ਦਾ ਗਠਨ ਕਰਕੇ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਇਹ ਪ੍ਰਾਜੈਕਟ 5 ਜ਼ਿਲਿਆਂ ਵਿਚ ਲਾਗੂ ਕੀਤਾ ਗਿਆ ਹੈ, ਜਿਸ ਦੇ ਅਧੀਨ 18 ਵੱਖ-ਵੱਖ ਵਿਭਾਗ ਹਨ, ਜੋ ਸਿੱਧੇ ਤੌਰ 'ਤੇ ਲੋਕਾਂ ਨਾਲ ਜੁੜੇ ਹੋਏ ਹੋਣ ਕਾਰਨ ਸਬੰਧਤ ਮਾਮਲਿਆਂ ਦੀ ਨਿਗਰਾਨੀ ਕੀਤੀ ਜਾਣੀ ਹੈ। ਸ਼ੇਰਗਿੱਲ ਨੇ ਕਿਹਾ ਕਿ ਇਸ ਅਧੀਨ ਜਿੱਥੇ ਵਿਵਸਥਾ ਵਿਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਤੈਅ ਹੋਵੇਗੀ, ਉਥੇ ਹੀ ਸੂਬੇ ਵਿਚ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ। ਸਰਕਾਰ ਨੂੰ ਉਸ ਦੀਆਂ ਕਮੀਆਂ ਹੇਠਲੇ ਪੱਧਰ ਤੱਕ ਦੀ ਨਿਰਪੱਖ ਫੀਡ ਦਿੱਤੀ ਜਾਵੇ ਤਾਂ ਜੋ ਸਰਕਾਰੀ ਵਿਵਸਥਾ ਵਿਚ ਹੋਰ ਜ਼ਿਆਦਾ ਸੁਧਾਰ ਕੀਤਾ ਜਾ ਸਕੇ। ਕਿਸੇ ਸਮੇਂ ਹਰ ਖੇਤਰ ਵਿਚ ਮੋਹਰੀ ਰਹਿਣ ਵਾਲਾ ਸੂਬਾ ਅੱਜ 19ਵੇਂ ਨੰਬਰ 'ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਸ ਨੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਇਕ ਨਿਗਰਾਨ ਦੇ ਤੌਰ 'ਤੇ ਲੈ ਕੇ ਸਾਫ-ਸੁਥਰੇ ਪ੍ਰਸ਼ਾਸਨ ਲਈ ਸਾਬਕਾ ਸੈਨਿਕਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ।
ਜੀ. ਓ. ਜੀ. ਪ੍ਰਾਜੈਕਟ ਦੇ ਉਪ ਚੇਅਰਮੈਨ ਮੇਜਰ ਜਨਰਲ ਐੱਸ. ਪੀ. ਐੱਸ. ਗਰੇਵਾਲ ਨੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਵਿਵਸਥਾ 'ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਤੇ ਲੋਕ ਭਲਾਈ ਲਈ ਜਾਰੀ ਗ੍ਰਾਂਟਾਂ ਦੀ ਸਹੀ ਵਰਤੋਂ ਕਰਕੇ ਉਸ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਹੈ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਇਹ ਵਿਵਸਥਾ ਬੇਹੱਦ ਮਹੱਤਵਪੂਰਨ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਜ਼ਿਲਾ ਜਲੰਧਰ ਵੱਲੋਂ ਵਿਕਾਸ ਕੰਮਾਂ ਤੇ ਲੋਕ ਭਲਾਈ ਯੋਜਨਾਵਾਂ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਜਾਵੇਗਾ। ਇਸ ਮੌਕੇ ਐੱਸ. ਡੀ. ਐੱਮ. ਪਰਮਵੀਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਡਾ. ਬਰਜਿੰਦਰ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਦੀਪਕ ਭਾਟੀਆ ਅਤੇ ਮੇਜਰ ਜਨਰਲ ਐੱਸ. ਐੱਸ. ਪਵਾਰ ਤੇ ਸ਼ੇਰਗਿੱਲ ਦੇ ਓ. ਐੱਸ. ਡੀ. ਕਰਨਵੀਰ ਸਿੰਘ ਤੇ ਹੋਰ ਵੀ ਮੌਜੂਦ ਸਨ।
ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਦੁੱਗਲ ਚਿਕਨ ਕਾਰਨਰ 'ਤੇ ਰੇਡ
NEXT STORY