ਗੁਰਦਾਸਪੁਰ (ਵਿਨੋਦ) : ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ 'ਚ ਨਸ਼ਾ ਪੂਰਤੀ ਦੇ ਕੰਮ ਵਿਚ ਆਉਣ ਵਾਲੀਆਂ ਗੋਲੀਆਂ, ਕੈਪਸੂਲ ਅਤੇ ਇੰਜੈਕਸ਼ਨ ਆਦਿ ਵੇਚਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਸਿਟੀ ਪੁਲਸ ਨੇ ਗ੍ਰਿਫਤਾਰ ਕਰ ਕੇ ਉਸ ਕੋਲੋਂ 1500 ਇੰਜੈਕਸ਼ਨ ਬਰਾਮਦ ਕੀਤੇ ਹਨ ਜਦਕਿ ਇਸ ਗਿਰੋਹ ਦੇ 6 ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋ 50,700 ਗੋਲੀਆਂ ਅਤੇ ਕੈਪਸੂਲ ਆਦਿ ਬਰਾਮਦ ਕੀਤੇ ਜਾ ਚੁੱਕੇ ਹਨ। ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਸਤੰਬਰ ਨੂੰ ਸਿਟੀ ਪੁਲਸ ਗੁਰਦਾਸਪੁਰ ਨੇ ਸਥਾਨਕ ਗੀਤਾ ਭਵਨ ਰੋਡ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਬੋਰੀ 'ਚ ਪਾ ਕੇ ਰੱਖੇ 50,700 ਨਸ਼ਾ ਪੂਰਤੀ ਦੇ ਕੰਮ ਆਉਣ ਵਾਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਸਨ, ਜਿਨ੍ਹਾਂ ਦੀ ਪਛਾਣ ਸੌਰਵ ਅਬਰੋਲ ਪੁੱਤਰ ਕਮਲ ਕੁਮਾਰ ਨਿਵਾਸੀ ਗੁਰਦਾਸਪੁਰ ਅਤੇ ਨਵਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਸ਼ੇਖੁਪੁਰਾ ਦੇ ਰੂਪ 'ਚ ਹੋਈ ਸੀ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਗੀਤਾ ਭਵਨ ਰੋਡ ਸਥਿਤ ਹਰਸ਼ ਮੈਡੀਕਲ ਸਟੋਰ ਦੇ ਮਾਲਕ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 15,000 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਉਸ ਸਮੇਂ ਤੋਂ ਹੀ ਇਸ ਗਿਰੋਹ ਦੀ ਜਾਂਚ-ਪੜਤਾਲ ਦਾ ਕੰਮ ਸਬ-ਇੰਸਪੈਕਟਰ ਓਂਕਾਰ ਸਿੰਘ ਨੂੰ ਸੌਂਪਿਆ ਗਿਆ ਸੀ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਸਮੇਂ ਹਰਸ਼ ਮੈਡੀਕਲ ਸਟੋਰ ਦੇ ਮਾਲਕ ਕਮਲਜੀਤ ਕੁਮਾਰ ਨਿਵਾਸੀ ਗੁਰਦਾਸਪੁਰ ਨੇ ਕਬੂਲ ਕੀਤਾ ਸੀ ਕਿ ਉਹ ਇਹ ਨਸ਼ਾ ਪੂਰਤੀ ਦਾ ਸਾਮਾਨ ਅੰਬਾਲਾ ਤੋਂ ਖਰੀਦਦਾ ਹੈ। ਕਮਲਜੀਤ ਕੁਮਾਰ ਦੀ ਨਿਸ਼ਾਨਦੇਹੀ 'ਤੇ ਉਸ ਸਮੇਂ ਅੰਬਾਲਾ ਤੋਂ ਪੁਲਸ ਨੇ ਰਾਹੁਲ ਕੁਮਾਰ ਅਤੇ ਪ੍ਰਮੋਦ ਰਾਣਾ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਨਾਂ ਤੋਂ ਕੀਤੀ ਪੁੱਛਗਿੱਛ ਤੋਂ ਪਤਾ ਲੱਗਾ ਸੀ ਕਿ ਇਹ ਦੋਵੇਂ ਸਹਾਰਨਪੁਰ ਨਿਵਾਸੀ ਸੌਰਵ ਗਰਗ ਤੋਂ ਇਹ ਸਾਰਾ ਸਾਮਾਨ ਖਰੀਦ ਕੇ ਪੂਰੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਚ ਸਪਲਾਈ ਕਰਦੇ ਹਨ, ਜਿਸ 'ਤੇ ਸਿਟੀ ਪੁਲਸ ਨੇ ਸਹਾਰਨਪੁਰ 'ਚ ਛਾਪੇਮਾਰੀ ਕਰ ਕੇ ਸੌਰਵ ਗਰਗ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਅਧਿਕਾਰੀ ਅਨੁਸਾਰ ਸੌਰਵ ਗਰਗ ਨਿਵਾਸੀ ਸਹਾਰਨਪੁਰ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਕਿ ਇਹ ਸਾਰਾ ਸਾਮਾਨ ਉਨ੍ਹਾਂ ਨੂੰ ਸ਼ਮੀਮ ਅਹਿਮਦ ਪੁੱਤਰ ਖਲੀਲ ਅਹਿਮਦ ਨਿਵਾਸੀ ਬਾਗਵਾਨ ਚੱਪੋਗ੍ਰਾਮ ਉੱਤਰ ਪ੍ਰਦੇਸ਼ ਸਪਲਾਈ ਕਰਦਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਸ਼ਮੀਮ ਅਹਿਮਦ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਅਤੇ ਘਰ ਦੀ ਤਲਾਸ਼ੀ ਲੈਣ 'ਤੇ ਉਸ ਦੇ ਘਰੋਂ 1500 ਇੰਜੈਕਸ਼ਨ ਬਰਾਮਦ ਹੋਏ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਅਜੇ ਤੱਕ ਦੋਸ਼ੀ ਸ਼ਮੀਮ ਅਹਿਮਦ ਨੇ ਦੱਸਿਆ ਕਿ ਉਹ ਸਾਰੀ ਸਪਲਾਈ ਆਗਰਾ ਨਿਵਾਸੀ ਕਿਸੇ ਪ੍ਰੀਤਮ ਨਾਂ ਦੇ ਵਿਅਕਤੀ ਤੋਂ ਖਰੀਦਦਾ ਹੈ, ਜੋ ਉਸ ਨੂੰ ਟਰਾਂਸਪੋਰਟ ਦੇ ਮਾਧਿਅਮ ਨਾਲ ਸਾਰਾ ਸਾਮਾਨ ਭੇਜਦਾ ਹੈ ਪਰ ਉਹ ਕਿੱਥੇ ਰਹਿੰਦਾ ਹੈ ਇਸ ਦੀ ਜਾਣਕਾਰੀ ਉਸਨੂੰ ਨਹੀਂ ਹੈ। ਪੁਲਸ ਅਧਿਕਾਰੀ ਅਨੁਸਾਰ ਹੁਣ ਪ੍ਰੀਤਮ ਨਿਵਾਸੀ ਆਗਰਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਕ ਬਹੁਤ ਵੱਡਾ ਗਿਰੋਹ ਹੈ ਜੋ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹਰਿਆਣਾ ਰਾਜ ਵਿਚ ਨਸ਼ਾ ਪੂਰਤੀ ਦੇ ਕੰਮ ਆਉਣ ਵਾਲੀਆਂ ਦਵਾਈਆਂ ਸਪਲਾਈ ਕਰਦਾ ਹੈ।
ਨਾਰਵੇ 'ਚ ਕੁਰਾਨ ਸ਼ਰੀਫ ਅੱਗ ਦੇ ਹਵਾਲੇ ਕਰਨ ਦਾ ਲੁਧਿਆਣਾ 'ਚ ਵਿਰੋਧ
NEXT STORY