ਗੁਰਦਾਸਪੁਰ (ਹਰਮਨਪ੍ਰੀਤ) : ਐਡੀਸ਼ਨਲ ਸੈਸ਼ਨ ਜੱਜ ਗੁਰਦਾਸਪੁਰ ਪ੍ਰੇਮ ਕੁਮਾਰ ਦੀ ਅਦਾਲਤ ਨੇ ਇਕ 14 ਸਾਲਾ ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾਉਣ ਅਤੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਪੁਲਸ ਸਟੇਸ਼ਨ ਧਾਰੀਵਾਲ ਵਿਚ 26 ਸਤੰਬਰ 2017 ਨੂੰ ਦਰਜ ਕੀਤਾ ਗਿਆ ਸੀ, ਜਿਸ 'ਚ ਇਸ ਥਾਣੇ ਨਾਲ ਸਬੰਧਿਤ ਇਕ ਔਰਤ ਨੇ ਦੋਸ਼ ਲਾਏ ਸਨ ਕਿ ਹਰਜਿੰਦਰ ਸਿੰਘ ਉਰਫ ਰਜਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਕੁਲਵੀਰ ਸਿੰਘ ਵਾਸੀ ਲੇਹਲ ਉਸ ਦੀ 14 ਸਾਲਾ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਇਸ ਮਾਮਲੇ 'ਚ ਪੁਲਸ ਨੇ ਹਰਜਿੰਦਰ ਸਿੰਘ ਖਿਲਾਫ ਧਾਰਾ 363, 366-ਓ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਚੱਲ ਰਹੀ ਸੀ। ਜਿਸ ਦੌਰਾਨ ਗਵਾਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਅਦਾਲਤ ਨੇ ਹਰਜਿੰਦਰ ਸਿੰਘ ਉਰਫ ਪ੍ਰਿੰਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਧਾਰਾ 376 ਪੋਸਕੋ ਐਕਟ ਤਹਿਤ 10 ਸਾਲ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਧਾਰਾ 363 ਤਹਿਤ 2 ਸਾਲ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਸੇ ਤਰ੍ਹਾਂ ਧਾਰਾ 366 ਤਹਿਤ ਦੋਸ਼ੀ ਨੂੰ 3 ਸਾਲਾਂ ਦੀ ਕੈਦ ਅਤੇ 30 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਸਜ਼ਾਵਾਂ 10 ਸਾਲ ਵਾਲੀ ਸਜ਼ਾ ਦੇ ਨਾਲ ਹੀ ਚੱਲਣਗੀਆਂ।
ਆਪਣਿਆਂ ਨੂੰ ਘਰ ਲਿਆਇਆ ਤੇ ਪਾਕਿ ਮੁਸਾਫਰਾਂ ਨੂੰ ਵੀ ਛੱਡ ਆਇਆ ਭਾਰਤੀ ਇੰਜਣ
NEXT STORY