ਗੁਰਦਾਸਪੁਰ (ਹਰਮਨ) : ਸਰਕਾਰ ਵਲੋਂ ਦੇਸ਼ ਦੇ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਕਾਰਣ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਬੈਨਰ ਹੇਠ ਅੱਜ ਦੂਜੇ ਦਿਨ ਵੀ ਬੈਂਕ ਕਰਮਚਾਰੀਆਂ ਨੇ ਬੈਂਕ ਬੰਦ ਰੱਖੇ। ਇਸ ਤਹਿਤ ਜਿਥੇ ਸਾਰੇ ਸਰਕਾਰੀ ਬੈਂਕਾਂ ਦਾ ਸਮੁੱਚਾ ਕੰਮ-ਕਾਜ ਠੱਪ ਰਿਹਾ, ਉਸ ਦੇ ਨਾਲ ਹੀ ਅੱਜ ਤਿੱਬੜੀ ਰੋਡ ਸਥਿਤ ਐੱਸ. ਬੀ. ਆਈ. ਦੀ ਮੁੱਖ ਬਰਾਂਚ ਦੇ ਸਾਹਮਣੇ ਬੈਂਕ ਕਰਮਚਾਰੀਆਂ ਨੇ ਰੋਸ ਰੈਲੀ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਸੰਬੋਧਨ ਕਰਦਿਆਂ ਐੱਸ. ਬੀ. ਆਈ. ਦੇ ਰਿਜਨਲ ਸਕੱਤਰ ਰਾਕੇਸ਼ ਕੁਮਾਰ, ਪ੍ਰਦੀਪ ਭਾਰਦਵਾਜ, ਗੌਰਵ ਕਪੂਰ, ਪੀ. ਐੱਨ. ਪੀ. ਦੇ ਸਰਕਲ ਪ੍ਰਧਾਨ ਸੰਜੀਵ ਸਾਵਲ ਅਤੇ ਮਨਦੀਪ ਨੇ ਕਿਹਾ ਕਿ ਬੈਂਕ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਅਪੀਲ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਹ ਹੜਤਾਲ ਕਰ ਕੇ ਸਰਕਾਰ ਖਿਲਾਫ ਰੋਸ ਜ਼ਾਹਿਰ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕੀ, ਜਿਸ ਕਾਰਣ ਹੁਣ ਉਹ ਮੁੜ ਹੜਤਾਲ ਕਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਰੀਬ 10 ਲੱਖ ਬੈਂਕ ਕਰਮਚਾਰੀ ਸਰਕਾਰ ਦੀ ਬੇਰੁਖੀ ਕਾਰਣ ਨਿਰਾਸ਼ ਹਨ। ਜੇਕਰ ਹੁਣ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਮਾਰਚ ਮਹੀਨੇ ਤਿੰਨ ਰੋਜ਼ ਹੜਤਾਲ ਕਰਨ ਦੇ ਬਾਅਦ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦੇਣਗੇ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ।
ਤਨਖਾਹਾਂ ਦਾ ਕੰਮ ਵੀ ਪ੍ਰਭਾਵਿਤ
ਅੱਜ ਮਹੀਨੇ ਦਾ ਪਹਿਲਾ ਦਿਨ ਹੋਣ ਕਾਰਣ ਕਈ ਵਿਭਾਗਾਂ ਦੀਆਂ ਤਨਖਾਹਾਂ ਵੀ ਬੈਂਕ ਖਾਤਿਆਂ ਵਿਚ ਪੈਣੀਆਂ ਸਨ ਪਰ ਇਸ ਹੜਤਾਲ ਕਾਰਣ ਤਨਖਾਹਾਂ ਨਹੀਂ ਪੈ ਸਕੀਆਂ। ਇਸ ਦੇ ਨਾਲ ਹੀ ਏ. ਟੀ. ਐੱਮ. ਸੇਵਾਵਾਂ ਵੀ ਠੱਪ ਹੋ ਕੇ ਰਹਿ ਗਈਆਂ ਹਨ। ਖਾਸ ਤੌਰ 'ਤੇ ਸਰਕਾਰੀ ਬੈਂਕਾਂ ਦੇ ਏ. ਟੀ. ਐੱਮ. ਵਿਚ ਪੈਸੇ ਨਾ ਪਾਏ ਜਾਣ ਕਾਰਣ ਇਹ ਏ. ਟੀ. ਐੱਮ. ਖਾਲੀ ਹੋ ਗਏ ਹਨ, ਜਿਸ ਕਾਰਣ ਅੱਜ ਲੋਕਾਂ ਨੂੰ ਜਿਥੇ ਪੈਸੇ ਕਢਵਾਉਣ 'ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਥੇ ਕਈ ਬੈਂਕਾਂ ਨਾਲ ਸਬੰਧਿਤ ਹੋਰ ਕੰਮ-ਕਾਜ ਵੀ ਨਹੀਂ ਹੋ ਸਕੇ।
ਪੁਲਸ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਟੋਰ 'ਤੇ ਛਾਪੇਮਾਰੀ
NEXT STORY