ਗੁਰਦਾਸਪੁਰ (ਵਿਨੋਦ) : ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਉਪ-ਪ੍ਰਮੁੱਖ ਹਰਵਿੰਦਰ ਸੋਨੀ ਨੂੰ ਫੇਸਬੁੱਕ 'ਤੇ ਉਨ੍ਹਾਂ ਸਮੇਤ 6 ਹਿੰਦੂ ਨੇਤਾਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 'ਸੰਤਾਂ ਦਾ ਫੈਨ' ਨਾਮਕ ਆਈ. ਡੀ, ਜਿਸ 'ਤੇ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰ ਲੱਗੀ ਹੋਈ ਹੈ, ਵਲੋਂ ਇਨ੍ਹਾਂ ਲੋਕਾਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਗਈ ਹੈ'।
ਇਸ ਸਬੰਧੀ ਹਰਵਿੰਦਰ ਸੋਨੀ ਨੇ ਦੱਸਿਆ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਫੇਸਬੁੱਕ 'ਤੇ ਉਨ੍ਹਾਂ ਦੀ ਤਸਵੀਰ ਲਾ ਕੇ ਉਸ 'ਤੇ ਕਰਾਸ ਦਾ ਨਿਸ਼ਾਨ ਲੱਗਾ ਹੋਇਆ ਹੈ ਅਤੇ ਨਾਲ ਹੀ ਮਾਰਨ ਦੀ ਧਮਕੀ ਲਿਖੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਕਿਹਾ ਕਿ ਖੁਫੀਆ ਵਿਭਾਗ ਨੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਸੀ। ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੇ ਹਾਲਾਂਕਿ ਸੋਨੀ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਹੈ। ਉੱਧਰ ਸੋਨੀ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਬੇਸ਼ੱਕ ਪੁਲਸ ਨੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਪਰ ਉਹ ਫਿਰ ਵੀ ਖੁਦ ਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਾਪਰਵਾਹ ਸੁਰੱਖਿਆ ਕਰਮੀ ਦਿੱਤੇ ਗਏ ਹਨ ਅਤੇ ਜਾਣ-ਬੁੱਝ ਕੇ ਪੁਰਾਣੇ ਸੁਰੱਖਿਆ ਕਰਮਚਾਰੀਆਂ ਨੂੰ ਮੇਰੇ ਨਾਲੋਂ ਹਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਉੱਤਰ-ਪ੍ਰਦੇਸ਼ ਦੇ ਹਿੰਦੂ ਸਭਾ ਦੇ ਪ੍ਰਮੁੱਖ ਤਿਵਾੜੀ ਵਾਂਗ ਉਨ੍ਹਾਂ ਨੂੰ ਵੀ ਮਾਰਨਾ ਆਸਾਨ ਹੋ ਜਾਵੇ।
ਸੋਨੀ ਨੇ ਕਿਹਾ ਕਿ ਪਿਛਲੇਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਦੀ ਨੋਕ-ਝੋਕ ਵਾਲੀ ਵੀਡੀਓ ਇਸੇ ਸਾਜਿਸ਼ ਦਾ ਹਿੱਸਾ ਸੀ, ਜੋ ਕਿ ਕੁਝ ਪੁਲਸ ਅਫਸਰਾਂ ਦੀ ਸ਼ਹਿ 'ਤੇ ਲੀਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਅਧਿਕਾਰੀਆਂ ਨੇ ਵੀਡੀਓ ਵਾਇਰਲ ਕਰਨ ਵਾਲੇ ਸ਼ਰਾਰਤੀ ਤੱਤਾਂ ਖਿਲਾਫ ਕਾਰਵਾਈ ਨਹੀਂ ਕੀਤੀ ਤਾਂ ਉਹ ਆਪਣੀ ਸੁਰੱਖਿਆ ਵਾਪਸ ਕਰ ਦੇਣਗੇ ਅਤੇ ਕੋਰਟ ਦਾ ਸਹਾਰਾ ਲੈਣਗੇ। ਫਿਲਹਾਲ ਉਹ ਹਾਈ ਕੋਰਟ ਵਿਚ ਜਾਂਚ ਲਈ ਰਿਟ ਪਾਉਣ ਜਾ ਰਹੇ ਹਨ।
ਦਾਖਾ 'ਚ ਹੋਈ ਹਾਰ ਦਾ ਡੂੰਘਾਈ ਨਾਲ ਮੰਥਨ ਕਰੇਗੀ 'ਪੰਜਾਬ ਕਾਂਗਰਸ'
NEXT STORY