ਗੁਰਦਾਸਪੁਰ (ਵਿਨੋਦ) : ਜ਼ਿਲਾ ਗੁਰਦਾਸਪੁਰ ਦੇ ਪਿੰਡ ਬਹਾਦੁਰ ਰਜੋਆ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗਲੀ ਸਬੰਧੀ ਹੋਏ ਝਗੜੇ 'ਚ ਬਜ਼ੁਰਗ ਔਰਤ ਦੇ ਹੱਥ ਪੈਰ ਰੱਸੀ ਨਾਲ ਬੰਨ੍ਹ ਕੇ ਉਸ ਨਾਲ ਕੁੱਟ-ਮਾਰ ਕਰਨ ਉਪਰੰਤ ਗਲੇ 'ਚ ਰੱਸੀ ਪਾ ਕੇ ਘਸੀਟਿਆ ਗਿਆ। ਜਿਸ ਕਾਰਣ ਉਕਤ ਔਰਤ ਨੂੰ ਗੰਭੀਰ ਹਾਲਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਪੀੜਤ ਜਸਵਿੰਦਰ ਕੌਰ ਦੇ ਪਤੀ ਚੰਨਣ ਸਿੰਘ ਨੇ ਦੱਸਿਆ ਕਿ ਸਾਡੀ ਮਾਲਕੀ ਵਾਲੀ ਗਲੀ 'ਚ ਕੁਝ ਲੋਕ ਗੇਟ ਲਾਉਣਾ ਚਾਹੁੰਦੇ ਹਨ ਅਤੇ ਇਸ ਦਾ ਅਸੀਂ ਵਿਰੋਧ ਕਰਦੇ ਸੀ। ਇਸ ਸਬੰਧੀ ਬਟਾਲਾ ਦੀ ਅਦਾਲਤ 'ਚ ਸਾਨੂੰ 24-10-2019 ਨੂੰ ਸਟੇਅ ਵੀ ਮਿਲੀ ਹੋਈ ਹੈ ਪਰ ਉਸ ਦੇ ਬਾਵਜੂਦ ਗੁਰਵਿੰਦਰ ਸਿੰਘ ਆਦਿ ਸਾਡੀ ਗਲੀ 'ਤੇ ਕਬਜ਼ਾ ਕਰ ਰਹੇ ਹਨ। ਇਸ ਸਬੰਧੀ ਪੁਲਸ ਨੂੰ ਵੀ ਕਈ-ਕਈ ਵਾਰ ਸ਼ਿਕਾਇਤ ਦਿੱਤੀ ਗਈ ਪਰ ਕੁਝ ਨਹੀਂ ਹੋਇਆ। ਹਰਚੋਵਾਲ ਪੁਲਸ ਚੌਕੀ 'ਚ 17 ਦਸੰਬਰ ਨੂੰ ਸਾਡਾ ਲਿਖਤੀ ਰਾਜੀਨਾਮਾ ਵੀ ਹੋਇਆ ਸੀ, ਜਿਸ ਤੋਂ ਵਿਰੋਧੀ ਪਾਰਟੀ ਮੁਕਰ ਗਈ।
ਚੰਨਣ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 8.30 ਵਜੇ ਮੇਰੀ ਲਗਭਗ 50 ਸਾਲਾ ਪਤਨੀ ਜਸਵਿੰਦਰ ਕੌਰ ਆਪਣੇ ਘਰ ਦੇ ਗੇਟ 'ਚ ਖੜ੍ਹੀ ਸੀ ਕਿ ਗੁਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਅਮਨਦੀਪ ਕੌਰ ਪਤਨੀ ਗੁਰਵਿੰਦਰ ਸਿੰਘ, ਭਜਨ ਕੌਰ ਪਤਨੀ ਜਸਵੰਤ ਸਿੰਘ, ਗੁਰਸੇਵਕ ਸਿੰਘ ਪੁੱਤਰ ਅਜੀਤ ਸਿੰਘ ਸਮੇਤ 6-7 ਲੋਕਾਂ ਨੇ ਮੇਰੀ ਪਤਨੀ 'ਤੇ ਹਮਲਾ ਬੋਲ ਕੇ ਪਹਿਲਾਂ ਤਾਂ ਉਸ ਦੇ ਹੱਥ ਰੱਸੀ ਨਾਲ ਬੰਨ੍ਹ ਲਏ ਅਤੇ ਬਾਅਦ 'ਚ ਗਲੇ 'ਚ ਰੱਸੀ ਪਾ ਕੇ ਘਸੀਟਿਆ ਗਿਆ। ਸਾਰਿਆਂ ਨੇ ਰਵਾਇਤੀ ਹਥਿਆਰਾਂ ਨਾਲ ਕੁੱਟ-ਮਾਰ ਵੀ ਕੀਤੀ।
ਇਸ ਸਬੰਧੀ ਰੌਲਾ ਪਾਉਣ 'ਤੇ ਮੁਲਜ਼ਮ ਭੱਜਣ 'ਚ ਸਫਲ ਹੋ ਗਏ ਅਤੇ ਅਸੀਂ ਜਸਵਿੰਦਰ ਕੌਰ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ। ਚੰਨਣ ਸਿੰਘ ਨੇ ਦੱਸਿਆ ਕਿ ਜਿਸ ਗਲੀ 'ਚ ਮੁਲਜ਼ਮ ਕਬਜ਼ਾ ਕਰਨਾ ਚਾਹੁੰਦੇ ਸਨ ਉਹ ਸਾਡੀ ਮਾਲਕੀ ਹੈ ਅਤੇ ਮੁਲਜ਼ਮਾਂ ਦੇ ਘਰਾਂ ਦੇ ਗੇਟ ਸੜਕ ਵੱਲ ਹਨ। ਇਸ ਸਬੰਧੀ ਅੱਜ ਫਿਰ ਜ਼ਿਲਾ ਪੁਲਸ ਮੁਖੀ ਬਟਾਲਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਡਾਕਟਰਾਂ ਅਨੁਸਾਰ ਜਸਵਿੰਦਰ ਕੌਰ ਦੇ ਗਲੇ 'ਚ ਰੱਸੀ ਦੇ ਨਿਸ਼ਾਨ ਹਨ ਅਤੇ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਹਨ ਅਤੇ ਹਾਲਤ ਗੰਭੀਰ ਬਣੀ ਹੋਈ ਹੈ।
ਤਿਰੰਗਾ ਲੈ ਕੇ ਮਾਊਂਟ ਐਵਰੈਸਟ ’ਤੇ ਪੁੱਜਾ ਕੋਟਕਪੂਰਾ ਦਾ ਅਸ਼ੀਸ਼ ਮੈਣੀ
NEXT STORY