ਗੁਰਦਾਸਪੁਰ (ਹਰਮਨਪ੍ਰੀਤ) : ਅੱਜ ਐਡੀਸ਼ਨਲ ਸੈਸ਼ਨ ਜੱਜ ਸ਼੍ਰੀ ਪ੍ਰੇਮ ਕੁਮਾਰ ਦੀ ਅਦਾਲਤ ਨੇ ਪਿਛਲੇ ਸਾਲ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੇ ਕਤਲ ਨਾਲ ਸਬੰਧਿਤ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਕ ਦੋਸ਼ੀ ਨੂੰ ਉਮਰ ਕੈਦ ਅਤੇ ਇਕ ਲੱਖ ਰਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 18 ਅਪ੍ਰੈਲ 2018 ਦਾ ਹੈ, ਜਦੋਂ ਥਾਣਾ ਕਲਾਨੌਰ ਨਾਲ ਸਬੰਧਿਤ ਪਿੰਡ ਦੇ ਪੰਚਾਇਤ ਘਰ 'ਚੋਂ ਇਕ 15 ਸਾਲਾ ਨਾਬਾਲਗ ਲੜਕੀ ਦੀ ਲਾਸ਼ ਮਿਲਣ ਕਾਰਣ ਪਿੰਡ ਵਿਚ ਸਨਸਨੀ ਫੈਲ ਗਈ ਸੀ।
ਕੀ ਸੀ ਮਾਮਲਾ?
ਜਾਣਕਾਰੀ ਅਨੁਸਾਰ ਪੁਲਸ ਥਾਣਾ ਕਲਾਨੌਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਪਿੰਡ ਦੇ ਵਿਅਕਤੀ ਨੇ ਦੱਸਿਆ ਸੀ 18 ਅਪ੍ਰੈਲ ਨੂੰ ਅਚਾਨਕ ਉਸ ਦੀ ਕਰੀਬ 15/16 ਸਾਲਾ ਭੈਣ ਲਾਪਤਾ ਹੋ ਗਈ ਅਤੇ ਬਹੁਤ ਭਾਲ ਕਰਨ ਦੇ ਬਾਅਦ ਉਸ ਦੀ ਲਾਸ਼ ਪਿੰਡ ਦੇ ਪੰਚਾਇਤ ਘਰ 'ਚੋਂ ਮਿਲੀ ਸੀ। ਉਕਤ ਲੜਕੀ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਲਾਸ਼ ਦੀ ਸਥਿਤੀ ਦੇਖ ਕੇ ਉਸ ਨਾਲ ਜਬਰ-ਜ਼ਨਾਹ ਕੀਤੇ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਸੀ। ਇਸ ਕਾਰਣ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕਲਾਨੌਰ ਅੰਦਰ ਅਣਪਛਾਤੇ ਦੋਸ਼ੀ ਖਿਲਾਫ ਧਾਰਾ 302, 376, 511, 34 ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਡੂੰਘੀ ਜਾਂਚ ਉਪਰੰਤ ਪੁਲਸ ਨੇ ਮਨਜੀਤ ਸਿੰਘ ਪੁੱਤਰ ਸ਼ਿਵ ਦਿਆਲ ਵਾਸੀ ਮਾਨੇਪੁਰ ਖਿਲਾਫ ਸਬੂਤ ਮਿਲਣ ਕਾਰਣ ਉਸ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ ਸੀ। ਇਹ ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਸੀ। ਜਿਸ ਤਹਿਤ ਗਵਾਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਫੈਸਲਾ ਸੁਣਾਉਂਦਿਆਂ ਅੱਜ ਅਦਾਲਤ ਨੇ ਮਨਜੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ, ਜਦੋਂ ਕਿ 376 ਤਹਿਤ ਵੀ ਉਕਤ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਬਾਦਲਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਵਾਲੇ ਨੂੰ ਕੈਪਟਨ ਲਾਉਂਦਾ ਖੂੰਜੇ : ਸਰਦਾਰਾ ਸਿੰਘ ਜੌਹਲ
NEXT STORY