ਗੁਰਦਾਸਪੁਰ (ਦੀਪਕ) - ਜ਼ਿਲਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਨੇ ਬੀਤੇ ਦਿਨੀਂ ਅਗਵਾ ਹੋਏ 2 ਬੱਚਿਆਂ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਸਾਥੀਆਂ ਨਾਲ ਮਿਲ ਪਿਤਾ ਵਲੋਂ ਅਗਵਾ ਕੀਤੇ ਦੋਵੇਂ ਬੱਚਿਆਂ ਮਨਜੋਤ ਸਿੰਘ (9) ਅਤੇ ਮਨਵੀਰ ਸਿੰਘ (5) ਨੂੰ ਪੁਲਸ ਨੇ ਉਨ੍ਹਾਂ ਦੀ ਮਾਂ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਪਿਤਾ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਅਤੇ ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਤੀ-ਪਤਨੀ ਦੇ ਝਗੜੇ ਕਾਰਨ ਬੱਚਿਆਂ ਦੇ ਪਿਤਾ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਸਬੰਧੀ ਪੁਲਸ ਨੇ ਤਿੰਨ ਪਾਰਟੀਆਂ ਬਣਾ ਕੇ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਰਾ ਦਿਨ ਦੀ ਲੰਮੀ ਮੁਸ਼ੱਕਤ ਤੋਂ ਬਾਅਦ ਆਖਰਕਾਰ ਉਨ੍ਹਾਂ ਨੇ ਦੇਰ ਸ਼ਾਮ ਉਕਤ ਬੱਚਿਆਂ ਨੂੰ ਅੰਮ੍ਰਿਤਸਰ ਜ਼ਿਲੇ ਦੇ ਕਸਬਾ ਰਮਦਾਸ ਨੇੜੇ ਪਿੰਡ ਜੱਸਲ ਤੋਂ ਬਰਾਮਦ ਕਰ ਲਿਆ।
ਦੱਸ ਦੇਈਏ ਕਿ ਬੀਤੇ ਦਿਨ ਸਵੇਰੇ 8 ਵਜੇ ਦੇ ਕਰੀਬ ਗੁਰਦਾਸਪੁਰ-ਮੁਕੇਰੀਆਂ ਸੜਕ ’ਤੇ ਇਨੋਵਾ ਗੱਡੀ ’ਤੇ ਆਏ 3 ਵਿਅਕਤੀ ਨੇ ਬੱਚਿਆਂ ਦੀ ਮਾਂ ਦੀ ਕੁੱਟਮਾਰ ਕਰਕੇ ਸਕੂਲ ਜਾ ਰਹੇ ਦੋਵੇਂ ਬੱਚਿਆਂ ਨੂੰ ਅਗਵਾ ਕਰ ਲਿਆ ਸੀ। ਅਗਵਾਕਾਂਡ ਦੇ ਕੁਝ ਸਮੇਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਉਕਤ ਬੱਚਿਆਂ ਨੂੰ ਅਗਵਾ ਕਰਨ ਵਾਲਾ ਕੋਈ ਹੋਰ ਨਹੀਂ, ਬੱਚਿਆਂ ਦਾ ਪਿਤਾ ਹੀ ਸੀ। ਆਪਸੀ ਝਗ਼ੜੇ ਕਾਰਨ ਪਿਤਾ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ, ਕਿਉਂਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਘਰ ਲਿਜਾਉਣਾ ਚਾਹੁੰਦਾ ਸੀ। ਪੁਲਸ ਨੇ ਦੱਸਿਆ ਕਿ ਮੁਲਜ਼ਮ ਪਿਤਾ ਨੂੰ ਗਿ੍ਫਤਾਰ ਕਰਕੇ ਗੁਰਦਾਸਪੁਰ ਲਿਆਂਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਦੋਵਾਂ ਧਿਰਾਂ ਤੋਂ ਪੁੱਛਗਿਛ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ 'ਚ 4 ਦਹਾਕਿਆਂ ਦੌਰਾਨ ਪਹਿਲੀ ਵਾਰ ਸਭ ਤੋਂ ਠੰਡਾ ਰਿਹਾ 'ਦਸੰਬਰ'
NEXT STORY