ਗੁਰਦਾਸਪੁਰ (ਗੁਰਪ੍ਰੀਤ ਚਾਵਲਾ, ਜ਼ੀਸ਼ਾਨ) : ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾਂ ਦੀ ਵਾਇਰਲ ਵੀਡੀਓ ਮਾਮਲੇ 'ਚ ਗੁਰਦਾਸਪੁਰ ਦੇ ਹਲਕਾ ਕਾਦੀਆਂ 'ਚ ਅਕਾਲੀ ਵਰਕਰਾਂ ਨੇ ਅਕਾਲੀ ਦਲ ਦੇ ਜਥੇਬੰਦੀ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ 'ਚ ਮੰਤਰੀ ਰੰਧਾਵਾਂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾਂ ਦੀ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਹ ਬਹੁਤ ਹੀ ਸ਼ਰਮਨਾਕ ਹੈ। ਇਸ ਲਈ ਰੰਧਾਵਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾ ਮਾਮਲਾ ਦਰਜ ਕੀਤਾ ਜਾਵੇ।
ਮਾਹਲ ਨੇ ਕਿਹਾ ਕਿ ਜੇਕਰ ਰੰਧਾਵਾ 'ਚ ਅਜੇ ਵੀ ਕੋਈ ਇਨਸਾਨੀਅਤ ਨਾਂ ਦੀ ਚੀਜ਼ ਬਚੀ ਹੈ ਤਾਂ ਉਹ ਤੁਰੰਤ ਮੰਤਰੀ ਮੰਡਲ ਤੋਂ ਅਸਤੀਫਾ ਦੇਣ। ਉਨ੍ਹਾਂ ਕਿਹਾ ਕਿ ਰੰਧਾਵਾ ਵਲੋਂ ਬੇਸ਼ੱਕ ਇਸ ਵੀਡੀਓ ਨੂੰ ਝੂਠਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਇਸ ਸੱਚਾਈ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਇਨਸਾਨ ਆਪਣੇ ਗੁਰੂਆਂ ਦੀ ਇੱਜ਼ਤ ਨਹੀਂ ਕਰ ਸਕਦਾ ਉਸ ਤੋਂ ਦੇਸ਼ ਅਤੇ ਸਮਾਜ ਦੇ ਭਲੇ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ।ਰੰਧਾਵਾ ਵਲੋਂ ਕੀਤੀ ਗਈ ਇਸ ਵੱਡੀ ਗਲਤੀ ਲਈ ਸਮੁੱਚੇ ਸਿੱਖ ਜਗਤ ਤੇ ਸਿੱਖ ਭਾਈਚਾਰੇ ਨੂੰ ਰੰਧਾਵਾ ਦਾ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਗੰਭੀਰ ਮੁੱਦੇ 'ਤੇ ਸਖਤ ਕਾਰਵਾਈ ਕਰਨ ਅਤੇ ਰੰਧਾਵਾ ਨੂੰ ਤੁਰੰਤ ਪੰਥ ਚੋਂ ਛੇਕਣ ਦਾ ਹੁਕਮ ਜਾਰੀ ਕਰਨ ।ਅਖੀਰ 'ਚ ਮਾਹਲ ਅਤੇ ਸਮੂਹ ਅਕਾਲੀ ਦਲ ਆਗੂਆਂ ਤੇ ਵਰਕਰਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਜਾ ਰਹੇ ਰੰਧਾਵਾ ਦੇ ਪੱਖ ਦੀ ਵੀ ਸਖਤ ਸ਼ਬਦਾਂ 'ਚ ਨਿੰਦਿਆਂ ਕੀਤੀ ।ਉਨ੍ਹਾਂ ਕਿਹਾ ਕਿ ਇਸ ਰੰਧਾਵਾ ਦੀ ਗਲਤੀ ਦੀ ਸਿੱਖ ਭਾਈਚਾਰਾ ਅਤੇ ਅਕਾਲੀ ਦਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ।
ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਜੇਹਾਦੀ ਹਮਲਾ ਮੰਦਭਾਗਾ : ਚੁੱਘ
NEXT STORY