ਅੰਮ੍ਰਿਤਸਰ (ਜ. ਬ.)- ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਆਪਣੇ ਸਾਥੀਆਂ ਨਾਲ ਸਿੱਕਮ ਸਰਕਾਰ ਵੱਲੋਂ ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਇਕ ਬੋਧੀ ਮੰਦਰ 'ਚ ਤਬਦੀਲ ਕਰਨ ਵਿਰੁੱਧ ਵਿੱਢੇ ਸੰਘਰਸ਼ ਦੀ ਕਾਮਯਾਬੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ।
ਭਾਈ ਵਡਾਲਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੁੱਜੇ ਤਾਂ ਪਹਿਲਾਂ ਉਨ੍ਹਾਂ ਨੂੰ ਅਰਦਾਸ ਕਰਨ ਤੋਂ ਇਹ ਕਹਿ ਕੇ ਰੋਕ ਦਿੱਤਾ ਗਿਆ ਕਿ ਉਹ ਅਰਦਾਸ ਥੱਲੇ ਜਾ ਕੇ ਕਰਨ। ਭਾਈ ਵਡਾਲਾ ਨੇ ਕਿਹਾ ਕਿ ਜਦ ਗੁਰੂ ਸਾਹਿਬ ਦਾ ਪ੍ਰਕਾਸ਼ ਉਪਰ ਹੈ ਤਾਂ ਫਿਰ ਥੱਲੇ ਜਾ ਕੇ ਅਰਦਾਸ ਕਰਨ ਦੀ ਕੋਈ ਤੁਕ ਨਹੀਂ ਬਣਦੀ। ਅਰਦਾਸੀਏ ਭਾਈ ਗੁਰਬਖਸ਼ੀਸ਼ ਸਿੰਘ ਨੂੰ ਸਾਰੀ ਗੱਲ ਉਨ੍ਹਾਂ ਨੇ ਦੱਸੀ ਕਿ ਉਨ੍ਹਾਂ ਦੀ ਅਰਦਾਸ ਕਿਸੇ ਦੇ ਖਿਲਾਫ ਨਹੀਂ ਸਗੋਂ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਬਹਾਲੀ ਲਈ ਕੌਮੀ ਮੁੱਦੇ ਲੈ ਕੇ ਹੈ। ਭਾਵੇਂ ਗੁਰਬਖਸ਼ੀਸ਼ ਸਿੰਘ ਨੂੰ ਬਾਕੀ ਸਾਥੀਆਂ ਨੇ ਅਰਦਾਸ ਕਰਨ ਤੋਂ ਰੋਕਿਆ ਪਰ ਉਨ੍ਹਾਂ ਨੇ ਆਪਣੇ ਸਾਥੀਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ।
ਸੰਗਤਾਂ ਵੱਲੋਂ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਗੁਰਬਖਸ਼ੀਸ਼ ਦੀ ਜਵਾਬ-ਤਲਬੀ ਹੋ ਸਕਦੀ ਹੈ ਪਰ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਗੁਰਬਖਸ਼ੀਸ਼ ਸਿੰਘ ਦੇ ਕਾਰਜ ਨੂੰ ਦਰੁਸਤ ਦੱਸਦਿਆਂ ਕਿਹਾ ਕਿ ਅਰਦਾਸੀਏ ਸਿੰਘ ਨੇ ਪੰਥਕ ਤੇ ਕੌਮੀ ਮੁੱਦੇ 'ਤੇ ਅਰਦਾਸ ਕਰ ਕੇ ਕੋਈ ਗੁਨਾਹ ਨਹੀਂ ਕੀਤਾ। ਇਹ ਤਾਂ ਕੌਮੀ ਮੁੱਦਾ ਹੈ ਤੇ ਹਰ ਸਿੱਖ ਨੂੰ ਗੁਰਦੁਆਰੇ ਦੀ ਬਹਾਲੀ ਲਈ ਅਰਦਾਸ ਕਰਨੀ ਚਾਹੀਦੀ ਹੈ। ਅਰਦਾਸ ਤੋਂ ਪਹਿਲਾਂ ਭਾਈ ਗੁਰਬਖਸ਼ੀਸ਼ ਸਿੰਘ ਨੇ ਆਨੰਦ ਸਾਹਿਬ ਦਾ ਪਾਠ ਵੀ ਕੀਤਾ।
ਮੱਥਾ ਟੇਕ ਕੇ ਬਾਹਰ ਆਉਣ ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਡਾਂਗਮਾਰ ਸਾਹਿਬ ਸਵਾ 500 ਸਾਲ ਪੁਰਾਣੀ ਸਿੱਖ ਪੰਥ ਦੀ ਵਿਰਾਸਤ ਹੈ ਤੇ ਸਿੱਖ ਪੰਥ ਦੇ ਇੰਨੇ ਪੁਰਾਣੇ ਇਤਿਹਾਸ ਨੂੰ ਕਿਸੇ ਵੀ ਕੀਮਤ 'ਤੇ ਖਤਮ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਡਾਂਗਮਾਰ ਸਾਹਿਬ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਹੈ ਪਰ ਉਸ ਅਸਥਾਨ ਨੂੰ ਉਥੋਂ ਖਤਮ ਕਰਨਾ ਜਿਥੇ ਸੰਵਿਧਾਨ ਦੀ ਉਲੰਘਣਾ ਹੈ, ਉਥੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਪਹੁੰਚਾਈ ਗਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਵਿਚ ਜਿਹੜੀ ਮੋਦੀ ਸਰਕਾਰ ਹੈ ਉਸ ਵਿਚ ਅਖੌਤੀ ਫਖਰ-ਏ-ਕੌਮ ਦੀ ਭਾਈਵਾਲ ਹੈ ਪਰ ਫਖਰ-ਏ-ਕੌਮ ਵੱਲੋਂ ਕੋਈ ਵੀ ਠੋਸ ਕਾਰਵਾਈ ਗੁਰਦੁਆਰੇ ਦੀ ਬਹਾਲੀ ਲਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਡਾਂਗਮਾਰ ਗੁਰਦੁਆਰਾ ਸਿੱਖਾਂ ਦਾ ਹੈ ਤੇ ਇਸ ਦੀ ਪ੍ਰਾਪਤੀ ਲਈ ਜੇਕਰ ਸੁਪਰੀਮ ਕੋਰਟ ਤੱਕ ਜਾਣਾ ਪਿਆ ਤਾਂ ਉਥੇ ਵੀ ਪੁੱਜਿਆ ਜਾਵੇਗਾ। ਇਸ ਤੋਂ ਪਹਿਲਾਂ ਵੀ ਸਿੱਖ ਸਦਭਾਵਨਾ ਦਲ ਫਤਿਹਗੜ੍ਹ ਸਾਹਿਬ ਤੋਂ ਰਾਸ਼ਟਰਪਤੀ ਭਵਨ ਦਿੱਲੀ ਤੱਕ ਇਕ ਮਾਰਚ ਵੀ ਕੱਢਿਆ ਗਿਆ ਸੀ ਅਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ ਸੀ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਇਨ੍ਹਾਂ ਚੋਣਾਂ ਵਿਚ ਭਾਗ ਲਵੇਗਾ ਤੇ ਉਹ ਅਪੀਲ ਕਰਦੇ ਹਨ ਕਿ ਬਾਦਲ ਵਿਰੋਧੀ ਧਿਰਾਂ ਸਾਰੀਆਂ ਹੀ ਇਕ ਮੰਚ 'ਤੇ ਇਕੱਠੀਆਂ ਹੋਣ ਤਾਂ ਕਿ ਬਾਦਲਾਂ ਦਾ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਤੋਂ ਕਬਜ਼ਾ ਖਤਮ ਕਰ ਕੇ ਦੋਵਾਂ ਸੰਸਥਾਵਾਂ ਨੂੰ ਆਜ਼ਾਦ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਹਾਈ ਕੋਰਟ ਵਿਚ ਕੇਂਦਰ ਸਰਕਾਰ ਨੇ ਲਿਖ ਕੇ ਦੇ ਦਿੱਤਾ ਹੈ ਕਿ ਸਰਕਾਰ ਗੁਰਦੁਆਰਾ ਚੋਣ ਕਮਿਸ਼ਨ ਜਲਦੀ ਹੀ ਤਾਇਨਾਤ ਕਰ ਰਹੀ ਹੈ ਤੇ ਚੋਣਾਂ ਵੀ ਜਲਦੀ ਹੋਣਗੀਆਂ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਚੋਣਾਂ ਅਗਲੇ ਸਾਲ 2018 ਵਿਚ ਹੋ ਸਕਦੀਆਂ ਹਨ, ਜਿਨ੍ਹਾਂ ਲਈ ਸਿੱਖ ਪੰਥ ਨੂੰ ਹੁਣ ਤੋਂ ਹੀ ਕਮਰਕੱਸੇ ਕਰ ਲੈਣੇ ਚਾਹੀਦੇ ਹਨ।
ਗੜ੍ਹਸ਼ੰਕਰ ਬਾਰ ਐਸੋਸੀਏਸ਼ਨ ਨੇ ਹੜਤਾਲ ਕਰਕੇ ਕੰਮਕਾਜ ਰੱਖਿਆ ਠੱਪ
NEXT STORY