ਚੰਡੀਗੜ, (ਟੱਕਰ)— ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ 'ਚ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਤੇ ਗੁ. ਦੀਵਾਨ ਹਾਲ ਮੰਜੀ ਸਾਹਿਬ ਦੇ ਵਿਚਕਾਰ ਮੌਜੂਦ 'ਗੁਰੂ ਕਾ ਬਾਗ' ਦਾ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਵਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਅਤੀ ਸੁੰਦਰ ਬਾਗ ਤਿਆਰ ਹੋਣ ਨਾਲ ਜਿਥੇ ਵਾਤਾਵਰਣ ਸ਼ੁੱਧ ਰਹੇਗਾ, ਉਥੇ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੀ ਸੁੰਦਰਤਾ 'ਚ ਵੀ ਵਾਧਾ ਹੋਵੇਗਾ। ਇਸ ਸਬੰਧ 'ਚ ਇਕੱਤਰਤ ਕੀਤੀ ਗਈ ਜਾਣਕਾਰੀ ਅਨੁਸਾਰ 'ਗੁਰੂ ਕਾ ਬਾਗ' ਦੇ ਅੰਦਰੂਨੀ ਚਾਰ-ਚੁਫੇਰੇ ਤਿੰਨ ਕਿਆਰੀਆਂ ਬਣਾਈਆਂ ਗਈਆਂ ਹਨ, ਪਹਿਲੀ ਕਿਆਰੀ 'ਚ ਵੱਡੇ ਬੂਟੇ, ਦੂਜੀ ਕਿਆਰੀ 'ਚ ਛੋਟੇ ਬੂਟੇ ਤੇ ਤੀਜੀ ਕਿਆਰੀ 'ਚ ਝਾੜੀਆਂ ਜਿਹੇ ਬੂਟੇ ਲਗਾਏ ਜਾਣਗੇ।
ਇਨ੍ਹਾਂ ਕਿਆਰੀਆਂ ਵਿਚ ਮੋਲਸਰੀ, ਚੰਪਾਂ, ਕਚਨਾਰ, ਗੁਲਮੋਹਰ, ਚੁਪਰੇਸੀਆ, ਤੁਨ, ਹਾਰ-ਸ਼ਿੰਗਾਰ, ਚਾਂਦਨੀ, ਗਿਡੇਨੀਆ, ਹੀਬਿਕਸ, ਮੁਰੇਈ, ਗੁਲਾਬ ਆਦਿ ਮਨਮੋਹਿਕ ਫੁੱਲ ਲਗਾਏ ਜਾਣਗੇ। 'ਗੁਰੂ ਕਾ ਬਾਗ' 'ਚ ਪਹਿਲਾਂ ਤੋਂ ਲੱਗੇ ਬੂਟਿਆਂ ਨੂੰ ਉਵੇਂ ਹੀ ਪਾਰਕ 'ਚ ਰਹਿਣ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਸਾਂਭ-ਸੰਭਲ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ। ਇਸ ਬਾਗ 'ਚ ਕੇਵਲ ਸਾਂਭ-ਸੰਭਾਲ ਵਾਲੇ ਮਾਲੀ, ਸੇਵਾਦਾਰ ਤੇ ਮਾਹਿਰ ਹੀ ਜਾ ਸਕਣਗੇ, ਸੁੰਦਰ ਫੁੱਲਾਂ ਤੇ ਬੂਟਿਆਂ ਨੂੰ ਨੁਕਸਾਨ ਨਾ ਪਹੁੰਚੇ, ਇਸ ਲਈ ਸੰਗਤਾਂ ਨੂੰ ਬਾਗ 'ਚ ਜਾਣ ਦੀ ਆਗਿਆ ਨਹੀਂ ਹੋਵੇਗੀ। ਬੂਟਿਆਂ ਦੀ ਸਚਾਈ ਆਟੋਮੈਟਿਕ ਫੁਆਰੇ ਸਿਸਟਮ ਨਾਲ ਹੋਵੇਗੀ, ਜਿਸ ਨਾਲ ਪਾਣੀ ਦੀ ਬੱਚਤ ਹੋਵੇਗੀ ਅਤੇ ਬੂਟਿਆਂ ਦੀ ਗ੍ਰੋਥ ਵੀ ਪ੍ਰਾਪਰ ਹੋਵੇਗੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੇਵਾ ਆਰੰਭ ਕਰਵਾਉਣਗੇ : ਬਾਬਾ ਕਸ਼ਮੀਰ ਸਿੰਘ
ਇਸ ਸਬੰਧ 'ਚ ਮਹਾਪੁਰਸ਼ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੁਰੂ ਕਾ ਬਾਗ ਦੀ ਕਾਰ ਸੇਵਾ 1 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੰਤ-ਮਹਾਪੁਰਸ਼, ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ ਤੇ ਹੋਰ ਧਾਰਮਿਕ ਸ਼ਖਸੀਅਤਾਂ ਆਪਣੇ ਕਰ-ਕਮਲਾਂ ਨਾਲ ਆਰੰਭ ਕਰਵਾਉਣਗੀਆਂ। ਬਾਬਾ ਕਸ਼ਮੀਰ ਸਿੰਘ ਨੇ ਸਮੂਹ ਸੰਗਤਾਂ ਨੂੰ ਇਸ ਕਾਰ ਸੇਵਾ ਦੀ ਆਰੰਭਤਾ ਮੌਕੇ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ।
ਮੋਦੀ ਸਰਕਾਰ ਵਲੋਂ ਸਿੱਖਾਂ ਨੂੰ ਰਾਹਤ ਦੇਣ 'ਤੇ ਅਕਾਲੀ ਦਲ ਤੇ ਕਾਂਗਰਸ ਚਿੰਤਤ
NEXT STORY