ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਪਿੰਡ ਰਣਸੀਂਹ ਕਲਾਂ ਕਬਰਾਂ ਵਿਚ ਆਦਰਸ਼ ਸਕੂਲ ਬਣਨ ਨਾਲ ਪ੍ਰਬੰਧਕਾਂ ਵੱਲੋਂ ਮੁਸਲਮ ਭਾਈਚਾਰੇ ਦੇ ਇਕ ਨੌਜਵਾਨ ਦੀ ਲਾਸ਼ ਨੂੰ ਦਫ਼ਨਾਉਣ ਨਾ ਦੇਣ ਦੇ ਮਾਮਲੇ ਨੂੰ ਲੈ ਕੇ ਪਿੰਡ ਵਿਚ ਤਣਾਅ ਦਾ ਮਾਹੌਲ ਬਣ ਗਿਆ। ਮ੍ਰਿਤਕ ਮੁਸਲਿਮ ਨੌਜਵਾਨ ਗੁਲਜ਼ਾਰ ਮੁਹੰਮਦ ਸ਼ਿਵਰਾਤਰੀ ਲਈ ਕਾਂਵੜ ਜਲ ਲੈ ਕੇ ਸਾਥੀਆਂ ਨਾਲ ਆ ਰਿਹਾ ਸੀ ਕਿ ਲੰਘੀਂ ਰਾਤ ਸਵਾ ਬਾਰਾਂ ਵਜੇ ਭਵਾਨੀਗੜ੍ਹ ਵਿਚ ਪਿੱਛੋਂ ਆ ਰਹੇ ਟਰੈਕਟਰ-ਟਰਾਲੀ ਦੀ ਫ਼ੇਟ ਲੱਗਣ ਕਾਰਨ ਮੌਕੇ ’ਤੇ ਹੀ ਦਮ ਤੋੜ ਗਿਆ। ਅੱਜ ਉਸ ਦੀ ਲਾਸ਼ ਨੂੰ ਦਫ਼ਨਾਉਣ ਲਈ ਪੁਰਾਤਨ ਕਬਰਾਂ ਵਿਚ ਗਏ ਤਾਂ ਕਬਰਾਂ ਦੀ ਥਾਂ ਸਕੂਲ ਵਿਚ ਆਉਣ ਕਾਰਨ ਪ੍ਰਬੰਧਕਾਂ ਨੇ ਲਾਸ਼ ਦਫ਼ਨਾਉਣ ਤੋਂ ਮਨ੍ਹਾ ਕਰ ਦਿੱਤਾ। ਸਥਿਤੀ ਤਣਾਅਪੂਰਨ ਹੋਣ ’ਤੇ ਪੁਲਸ ਤੇ ਤਹਿਸੀਲ ਅਧਿਕਾਰੀ ਅਤੇ ਮੁਸਲਿਮ ਫਰੰਟ ਪੰਜਾਬ ਦੇ ਚੇਅਰਮੈਨ ਡਾਕਟਰ ਫ਼ਕੀਰ ਮੁਹੰਮਦ ਵੀ ਉਥੇ ਪੁੱਜ ਗਏ।
ਪਿੰਡ ਦੇ ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਮੂਹਰੇ ਲੱਗ ਕੇ ਕਬਰ ਖੁਦਵਾਈ ਅਤੇ ਕਿਹਾ ਕਿ ਇਹ ਕਬਰਾਂ ਦੀ ਥਾਂ ਮੁਰੱਬੇਬੰਦੀ ਵੇਲੇ ਦੀ ਹੈ। ਜਾਣਕਾਰੀ ਅਨੁਸਾਰ ਪਿਛਲੀ ਪੰਚਾਇਤ ਨੇ ਪੰਜਾਬ ਸਰਕਾਰ ਨੂੰ ਗੁਰੂ ਗੋਬਿੰਦ ਸਿੰਘ ਆਦਰਸ਼ ਸਕੂਲ ਬਣਾਉਣ ਲਈ ਦਾਨ ਦੇ ਦਿੱਤੀ ਸੀ। ਮ੍ਰਿਤਕ ਗੁਲਜ਼ਾਰ ਮੁਹੰਮਦ ਉਰਫ਼ ਲਾਲੀ (35 ਸਾਲ) ਨਾਲ ਕਾਂਵੜ ਜਲ ਲਿਆ ਰਹੇ ਪ੍ਰੇਮ ਸਿੰਘ ਰਣਸੀਂਹ ਨੇ ਭਾਵਕ ਹੁੰਦੇ ਦੱਸਿਆ ਕਿ ਉਹ ਅਠਾਰਾਂ ਸਾਲ ਤੋਂ ਕਾਂਵੜ ਜਲ ਸੇਵਾ ਕਰ ਰਿਹਾ ਹੈ। ਗੁਲਜਾਰ ਮੁਹੰਮਦ ਆਪਣੇ ਪਿੱਛੇ ਚਾਰ ਲੜਕੀਆਂ ਅਤੇ ਇਕ ਤਿੰਨ ਸਾਲ ਦਾ ਲੜਕਾ ਛੱਡ ਗਿਆ ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਨੌਜਵਾਨ ਸੀ। ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਕਿਹਾ ਇਕ ਪਾਸੇ ਦੇਸ਼ ਵਿਚ ਧਰਮ ਦੇ ਨਾਮ ’ਤੇ ਪੱਖਪਾਤ ਹੋ ਰਿਹਾ ਹੈ।
ਦੂਜੇ ਪਾਸੇ ਮੁਸਲਮਾਨ ਨੌਜਵਾਨ ਜਲ ਲਿਆ ਰਿਹਾ ਹਨ ਅਤੇ ਗੁਲਜ਼ਾਰ ਦਾ ਹਿੰਦੂ ਦੋਸਤ ਪਵਨ ਕੁਮਾਰ ਆਪਣੇ ਮਿੱਤਰ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਹੋਣ ਲਈ ਛੁੱਟੀ ਨਾ ਮਿਲਣ ’ਤੇ ਉਹ ਆਪਣੀ ਪ੍ਰਾਈਵੇਟ ਨੌਕਰੀ ਨੂੰ ਲੱਤ ਮਾਰ ਕੇ ਆਪਣੇ ਮਿੱਤਰ ਦੇ ਅੰਤਿਮ ਦਰਸ਼ਨ ਲਈ ਆਇਆ ਅਤੇ ਨਾਲ ਲੱਗ ਕੇ ਕਬਰ ਖੁਦਵਾਈ। ਜਥੇਦਾਰ ਬੂਟਾ ਸਿੰਘ ਰਣਸੀਂਹ, ਡਾਕਟਰ ਫ਼ਕੀਰ ਮੁਹੰਮਦ ਤੇ ਪਿੰਡ ਦੇ ਪਤਵੰਤੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਮੁਸਲਮ ਹਿੰਦੂ ਭਾਈਚਾਰੇ ਦੀ ਮਸਾਲ ਬਣੇ ਅਤੇ ਹਰਿਦੁਆਰ ਤੋਂ ਕਾਂਵੜ ਜਲ ਲੈ ਕੇ ਆਉਂਦਿਆਂ ਆਪਣੀ ਜਾਨ ਲੇਖੇ ਲਾਉਣ ਵਾਲੇ ਗੁਲਜ਼ਾਰ ਮੁਹੰਮਦ ਮੁਸਲਮ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ।
ਭ੍ਰਿਸ਼ਟਾਚਾਰ ਨੂੰ ਲੈ ਕੇ ਸੁਖਬੀਰ ਬਾਦਲ ਨੇ ਘੇਰੀ 'ਆਪ', ਲਾਏ ਵੱਡੇ ਇਲਜ਼ਾਮ
NEXT STORY