ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਹਿੰਗੀ ਬਿਜਲੀ ਸਮੇਤ ਕਈ ਅਹਿਮ ਮੁੱਦਿਆਂ 'ਤੇ ਸੂਬਾ ਕੋਰ ਕਮੇਟੀ ਦੀ ਬੈਠਕ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਇਸ 'ਚ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਸਿੱਧੂ ਅਤੇ ਸਪੈਸ਼ਲ ਇਨਵਾਇਟੀ ਹਰਚੰਦ ਸਿੰਘ ਬਰਸਟ ਅਤੇ ਨਵਦੀਪ ਸਿੰਘ ਸੰਘਾ ਸ਼ਾਮਲ ਹੋਏ। ਬੈਠਕ ਉਪਰੰਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਬੈਠਕ ਦਾ ਮੁੱਖ ਏਜੰਡਾ ਪੰਜਾਬ 'ਚ ਹੱਦੋਂ ਮਹਿੰਗੀ ਬਿਜਲੀ ਵਿਰੁੱਧ 'ਆਪ' ਵਲੋਂ ਖੋਲ੍ਹਿਆ 'ਬਿਜਲੀ ਮੋਰਚਾ' ਰਿਹਾ। ਲੋਕ ਸਭਾ ਹਲਕਾ ਅਤੇ ਜ਼ਿਲਾ ਪੱਧਰ ਦੀਆਂ ਬੈਠਕਾਂ ਉਪਰੰਤ ਹੁਣ ਵਿਧਾਨ ਸਭਾ ਹਲਕਾਵਾਰ ਬੈਠਕਾਂ ਸਬੰਧਤ ਇੰਚਾਰਜ ਵਿਧਾਇਕ ਲੈਣਗੇ, ਜਿਸ ਦੀ ਸ਼ੁਰੂਆਤ ਸੋਮਵਾਰ ਨੂੰ ਵਿਧਾਨ ਸਭਾ ਹਲਕਾ ਅਜਨਾਲਾ (ਅੰਮ੍ਰਿਤਸਰ) 'ਚ ਹਰਪਾਲ ਸਿੰਘ ਚੀਮਾ ਨੇ ਕਰ ਦਿੱਤੀ ਹੈ।
ਇਸ ਤੋਂ ਬਿਨਾਂ ਬੈਠਕ 'ਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਚਲਾਉਣ, ਬਰਗਾੜੀ ਮਾਮਲੇ 'ਤੇ ਕਲੋਜ਼ਰ ਰਿਪੋਰਟ, ਪੰਜਾਬ ਦੇ ਪਾਣੀਆਂ ਸਬੰਧੀ, ਪੋਸਟ ਮੈਟ੍ਰਿਕ-ਪ੍ਰੀ ਮੈਟ੍ਰਿਕ ਵਜ਼ੀਫ਼ਾ ਸਕੀਮ 'ਚ ਦਲਿਤ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਭੇਦਭਾਵ ਵਿਰੁੱਧ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਚਲਾਉਣ ਸਮੇਤ ਪਾਰਟੀ ਦੇ ਜ਼ਿਲਾ ਅਤੇ ਹਲਕਾ ਪੱਧਰ 'ਤੇ ਸੰਗਠਨ ਦੀ ਮਜ਼ਬੂਤੀ ਆਦਿ 'ਤੇ ਵਿਚਾਰ ਚਰਚਾ ਹੋਈ। ਇਸ ਮੌਕੇ ਬਿਜਲੀ ਮੋਰਚਾ ਦੇ ਕੁਆਰਡੀਨੇਟਰ ਮੀਤ ਹੇਅਰ ਨੇ ਦੱਸਿਆ ਕਿ ਲੋਕਾਂਂ ਦੀ ਰੋਜ਼ ਦੀ ਜ਼ਿੰਦਗੀ ਅਤੇ ਜੇਬ ਨਾਲ ਜੁੜੇ ਇਸ ਮੁੱਦੇ ਨੂੰ 'ਆਪ' ਨੇ ਪੰਜਾਬ ਦੀ ਸਿਆਸਤ ਦਾ ਕੇਂਦਰੀ ਮੁੱਦਾ ਬਣਾਉਣ ਦੀ ਕਾਮਯਾਬੀ ਹਾਸਲ ਕਰ ਲਈ ਹੈ। ਇਥੋਂ ਤੱਕ ਕਿ ਅਕਾਲੀ ਦਲ (ਬਾਦਲ) ਨੂੰ ਵੀ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਧਰਨਿਆਂ ਦਾ ਐਲਾਨ ਕਰ ਦਿੱਤਾ ਸੀ, ਇਹ ਵੱਖਰੀ ਗੱਲ ਹੈ ਕਿ ਜਦ 'ਆਪ' ਨੇ ਮਹਿੰਗੀ ਬਿਜਲੀ ਲਈ ਖ਼ੁਦ ਸੁਖਬੀਰ ਸਿੰਘ ਬਾਦਲ ਨੂੰ ਹੀ 'ਬਿਜਲੀ ਮਾਫ਼ੀਆ' ਦਾ ਸਰਗਨਾ ਕਰਾਰ ਦਿੰਦੇ ਹੋਏ ਘੇਰਿਆ ਤਾਂ ਅਕਾਲੀ ਬਿਜਲੀ ਦੇ ਮੁੱਦੇ 'ਤੇ ਬੋਲਣੋਂ ਟਲਣ ਲੱਗੇ ਹਨ। ਮੀਤ ਹੇਅਰ ਨੇ ਦੱਸਿਆ ਕਿ 'ਆਪ' ਦੇ ਬਿਜਲੀ ਮੋਰਚੇ ਦਾ ਇਕੋ ਇਕ ਮਕਸਦ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਨਿਜਾਤ ਦਿਵਾਉਣਾ ਹੈ।
ਚੰਡੀਗੜ੍ਹ : ਪੰਜਾਬ ਪੁਲਸ 'ਚ 3 ਹੋਰ ਡੀ. ਜੀ. ਪੀ. ਸ਼ਾਮਲ
NEXT STORY