ਮਾਨਸਾ(ਸੰਦੀਪ) : ਪੰਜਾਬ ਅੰਦਰ ਲੋਕ ਸਭਾ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਵੱਡੀਆਂ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਲੜਨ ਦੇ ਚਾਹਵਾਨਾਂ ਨੇ ਆਪਣੀ ਨਬਜ਼ ਟਟੋਲਣੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਸੂਬੇ ਅੰਦਰ ਸੱਤਾਧਾਰੀ ਕਾਂਗਰਸ ਵੱਲੋਂ ਹਾਲੇ ਤੱਕ ਲੋਕ ਸਭਾ ਲਈ ਕੋਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੁੱਝ ਲੋਕ ਸਭਾ ਹਲਕਿਆਂ ਤੋਂ ਉਮੀਦਵਾਰ ਚੋਣ ਮੈਦਾਨ 'ਚ ਲਿਆਂਦੇ ਹਨ।
ਸਿਆਸੀ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ 10 ਸੀਟਾਂ 'ਚੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਦਾ ਚੋਣ ਲੜਨਾ ਲੱਗਭਗ ਤੈਅ ਹੈ ਕਿਉਂਕਿ ਪੰਜਾਬ 'ਚ ਅਕਾਲੀ ਦਲ ਹਰ ਹਾਲਤ 'ਚ ਵੱਧ ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣ ਲਈ ਵੱਡੇ ਆਗੂਆਂ ਨੂੰ ਮੈਦਾਨ 'ਚ ਉਤਾਰਨ ਦਾ ਮਨ ਬਣਾ ਚੁੱਕਾ ਹੈ, ਜਿਸ ਦਾ ਐਲਾਨ ਅਗਲੇ ਕੁੱਝ ਦਿਨਾਂ 'ਚ ਹੋਣ ਵਾਲੀ ਕੋਰ ਕਮੇਟੀ ਦੀ ਮੀਟਿੰਗ 'ਚ ਹੋ ਸਕਦਾ ਹੈ।
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣਾ ਸਿਆਸੀ ਕੈਰੀਅਰ ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਸ਼ੁਰੂ ਕੀਤਾ ਸੀ ਅਤੇ ਉਹ ਇਸ ਹਲਕੇ ਤੋਂ 2 ਵਾਰ ਜੇਤੂ ਰਹੇ ਹਨ। ਦੂਜੀ ਵਾਰ ਜਿੱਤਣ ਤੋਂ ਬਾਅਦ ਬੀਬਾ ਬਾਦਲ ਕੇਂਦਰ 'ਚ ਕੈਬਿਨਟ ਮੰਤਰੀ ਬਣੇ ਸਨ ਅਤੇ ਇਸ ਵਾਰ ਹੈਟ੍ਰਿਕ ਲਾ ਸਕਦੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਮਨ ਬਣਾ ਕੇ ਸ਼ੇਰ ਸਿੰਘ ਘੁਬਾਇਆ ਨੂੰ ਮਾਤ ਦੇਣ ਦਾ ਮਨ ਬਣਾਇਆ ਹੈ। ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਬਿਕਰਮਜੀਤ ਸਿੰਘ ਮਜੀਠੀਆ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਹਨ।
ਭਰੋਸੇਯੋਗ ਸੂਤਰਾਂ ਅਨੁਸਾਰ ਮਜੀਠੀਆ ਨੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਮਨ ਬਣਾ ਲਿਆ ਹੈ ਅਤੇ ਕਾਂਗਰਸ ਉਨ੍ਹਾਂ ਵਿਰੁੱਧ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ 'ਤੇ ਹੀ ਆਪਣਾ ਦਾਅ ਖੇਡ ਸਕਦੀ ਹੈ। ਸ਼੍ਰੋਮਣੀ ਅਕਾਲੀ ਦੇ ਰਹਿੰਦੇ ਉਮੀਦਵਾਰਾਂ ਦਾ ਫੈਸਲਾ ਭਾਵੇਂ ਕੋਰ ਕਮੇਟੀ ਦੀ ਮੀਟਿੰਗ 'ਚ ਹੋਣਾ ਹੈ ਪਰ ਬੀਬਾ ਬਾਦਲ, ਸੁਖਬੀਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਇਨ੍ਹਾਂ ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦਾ ਫੈਸਲਾ ਲੱਗਭਗ ਤੈਅ ਦੱਸਿਆ ਜਾ ਰਿਹਾ ਹੈ, ਜਿਸ ਉਪਰੰਤ ਹੀ ਕਾਂਗਰਸ ਆਪਣੇ ਪੱਤੇ ਖੋਲ੍ਹੇਗੀ।
ਚੰਡੀਗੜ੍ਹ ਸੀਟ ਤੋਂ ਅੱਜ ਪੱਤੇ ਖੋਲ੍ਹੇਗੀ 'ਕਾਂਗਰਸ', ਉਮੀਦਵਾਰਾਂ ਦੇ ਸੁੱਕੇ ਸਾਹ
NEXT STORY