ਬਠਿੰਡਾ (ਵਰਮਾ)— ਕੇਂਦਰ ਸਰਕਾਰ ਵੱਲੋਂ ਬਠਿੰਡਾ ਨੂੰ ਸੌਗਾਤ 'ਚ ਏਮਜ਼ ਦਿੱਤਾ ਗਿਆ, ਜਿਸ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ ਵਿਚ ਤਨਾਤਨੀ ਰਹੀ। ਇਥੋਂ ਤੱਕ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਸ਼ਬਦੀ ਜੰਗ ਪਿਛਲੇ ਢੇਡ ਸਾਲ ਤੋਂ ਜਾਰੀ ਹੈ। ਬਠਿੰਡਾ ਨਗਰ ਨਿਗਮ ਵੱਲੋਂ ਏਮਜ਼ ਦਾ ਨਕਸ਼ਾ ਪਾਸ ਕੀਤੇ ਜਾਣ ਤੋਂ ਬਾਅਦ ਇਸ ਦੇ ਨਿਰਮਾਣ ਕੰਮ ਵਿਚ ਕੁਝ ਤੇਜ਼ੀ ਆਈ ਹੈ। ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਕਿ ਉਹ 24 ਅਗਸਤ ਨੂੰ ਇਕ ਵਾਰ ਫਿਰ ਏਮਜ਼ ਦਾ ਉਦਘਾਟਨ ਕਰਨਗੇ, ਜਿਸ ਲਈ ਅਕਾਲੀ ਕਾਰਜਕਾਰੀਆਂ ਦੀ ਡਿਊਟੀ ਲਾ ਦਿੱਤੀ ਹੈ। ਬਠਿੰਡਾ ਅਕਾਲੀ ਦਲ ਦੇ ਮੁਖੀ ਸਰੂਪ ਸਿੰਗਲਾ ਨੇ ਇਸ ਨੂੰ ਲੈ ਕੇ ਕਾਰਜਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਦਘਾਟਨ ਸਮਾਰੋਹ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਇਸ ਕੰਮ 'ਚ ਤੇਜ਼ੀ ਲਿਆਉਣ ਨੂੰ ਕਿਹਾ ਅਤੇ ਪੰਜਾਬ ਸਰਕਾਰ ਨੂੰ ਆਪਣੇ ਹਿੱਸੇ ਦੇ ਲਗਭਗ 15 ਕਰੋੜ ਰੁਪਏ ਜਾਰੀ ਕਰਨ ਦਾ ਸੱਦਾ ਦਿੱਤਾ। ਹਰਸਿਮਰਤ ਕੌਰ ਬਾਦਲ ਦੀ ਕੋਸ਼ਿਸ਼ ਹੈ ਕਿ 2019 ਤੱਕ ਲੋਕਾਂ ਨੂੰ ਏਮਜ਼ ਵੱਲੋਂ ਸਿਹਤ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣ ਅਤੇ ਮੈਡੀਕਲ ਵਿਦਿਆਰਥੀਆਂ ਦਾ ਸੈਸ਼ਨ ਵੀ ਸ਼ੁਰੂ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ 925 ਕਰੋੜ ਰੁਪਏ ਖਰਚ ਕੇ 750 ਬੈੱਡ ਵਾਲੇ ਏਮਜ਼ ਹਸਪਤਾਲ ਦਾ ਨਿਰਮਾਣ ਚਾਹੁੰਦਾ ਹੈ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ 2016 ਨੂੰ ਇਸਦਾ ਨੀਂਹ ਪੱਥਰ ਰੱਖਿਆ ਅਤੇ 4 ਸਾਲ ਵਿਚ ਇਸ ਕੰਮ ਨੂੰ ਪੂਰਾ ਕਰਨ ਦਾ ਹੁਕਮ ਜਾਰੀ ਕੀਤਾ ਸੀ ਪਰ ਪੰਜਾਬ ਸਰਕਾਰ ਦੇ ਢਿੱਲੇ ਰਵੱਈਏ ਕਾਰਨ ਪਿਛਲੇ ਢੇਡ ਸਾਲ 'ਚ ਏਮਜ਼ ਦੇ ਨਿਰਮਾਣ ਕੰਮ ਵਿਚ ਕੋਈ ਵਾਧਾ ਨਹੀਂ ਹੋਇਆ, ਇਥੋਂ ਤੱਕ ਕਿ ਏਮਜ਼ ਦਾ ਨਕਸ਼ਾ ਵੀ ਨਗਰ ਨਿਗਮ ਨੇ ਢੇਡ ਸਾਲ ਬਾਅਦ ਪਾਸ ਕੀਤਾ। ਸੂਬਾ ਸਰਕਾਰ ਵੱਲੋਂ ਐੱਨ. ਓ. ਸੀ. ਜਾਰੀ ਕਰਨ ਵਿਚ ਦੇਰੀ ਕੀਤੀ ਗਈ। ਮੁੱਖ ਮੰਤਰੀ ਦਫਤਰ ਵੱਲੋਂ ਵਿੱਤ ਵਿਭਾਗ ਨੂੰ ਪੱਤਰ ਲਿਖ ਕੇ ਏਮਜ਼ ਲਈ ਜ਼ਰੂਰੀ ਫੰਡ ਜਾਰੀ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਬੇਸ਼ੱਕ ਸੂਬਾ ਸਰਕਾਰ ਵੱਲੋਂ ਨਿਰਮਾਣ ਕੰਮ ਸ਼ੁਰੂ ਕਰਨ ਲਈ ਜ਼ਰੂਰੀ ਮਨਜ਼ੂਰੀ ਨਹੀਂ ਦਿੱਤੀ, ਜਿਸ ਕਾਰਨ ਕੇਂਦਰ ਨੇ ਵੀ ਆਪਣੇ ਫੰਡ ਜਾਰੀ ਨਹੀਂ ਕੀਤੇ। ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਨੇ ਅਜੇ ਤੱਕ ਸਿਰਫ 37 ਕਰੋੜ ਰੁਪਏ ਹੀ ਮਨਜ਼ੂਰ ਕੀਤੇ ਹਨ ਜਦਕਿ ਜੂਨ 2020 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਵੀ ਰੱਖਿਆ ਗਿਆ ਹੈ।
ਪੰਜਾਬ ਸਰਕਾਰ ਨੇ ਬਿਜਲੀ ਪਲਾਂਟ ਲਈ ਫੰਡ ਕੀਤੇ ਜਾਰੀ—
ਸੂਬਾ ਸਰਕਾਰ ਵੱਲੋਂ ਫੰਡ ਜਾਰੀ ਕਰਨ ਦੀ ਇਜਾਜ਼ਤ ਤੋਂ ਬਾਅਦ ਨਿਰਮਾਣ ਕਾਰਜਾਂ ਨੇ ਤੇਜ਼ ਰਫਤਾਰ ਫੜ ਲਈ ਹੈ। ਫਿਲਹਾਲ ਪੰਜਾਬ ਸਰਕਾਰ ਵੱਲੋਂ 9 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ. ਵੀ. ਸਬ-ਸਟੇਸ਼ਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਪੰਜਾਬ ਸਰਕਾਰ ਨੇ ਬਿਜਲੀ ਪਲਾਂਟ ਲਈ ਫਿਲਹਾਲ ਕੁਝ ਰਾਸ਼ੀ ਜਾਰੀ ਕਰ ਦਿੱਤੀ ਹੈ, ਜਿਸਨੂੰ ਲੈ ਕੇ ਠੇਕੇਦਾਰਾਂ ਨੇ ਨਿਰਮਾਣ ਕੰਮ ਸ਼ੁਰੂ ਕਰ ਦਿਤਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਏਅਰ ਫੋਰਸ ਵੱਲੋਂ ਮਿਲਣ ਵਾਲੀ ਐੱਨ. ਓ. ਸੀ. ਅਜੇ ਪੈਂਡਿੰਗ ਪਈ ਹੈ। ਨਗਰ ਨਿਗਮ ਕਮਿਸ਼ਨਰ ਰਿਸ਼ੀਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਨਾਂ ਫੀਸ ਲਏ ਏਮਜ਼ ਦਾ ਨਕਸ਼ਾ ਪਾਸ ਕਰ ਦਿੱਤਾ ਹੈ ਤਾਂਕਿ ਇਸ ਨਿਰਮਾਣ ਕੰਮ ਵਿਚ ਤੇਜ਼ੀ ਆਵੇ। ਇਸਦੀ ਫੀਸ ਜਮ੍ਹਾ ਕਰਵਾਉਣ ਲਈ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ, ਜਦਕਿ ਮੈਡੀਕਲ ਐਜੂਕੇਸ਼ਨ ਰਿਸਰਚ ਵਿਭਾਗ ਦੇ ਸਕੱਤਰ ਵੱਲੋਂ ਨਗਰ ਨਿਗਮ ਬਠਿੰਡਾ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਕਿ ਏਮਜ਼ ਵੱਲੋਂ ਮੁਫਤ ਸਿਹਤ ਸੁਵਿਧਾਵਾਂ ਪੰਜਾਬ ਦੇ ਨਾਲ ਹੋਰ ਸੂਬਿਆਂ ਨੂੰ ਵੀ ਮਿਲਣਗੀਆਂ, ਜਿਸ ਲਈ ਏਮਜ਼ ਦੀ ਨਕਸ਼ਾ ਫੀਸ ਮੁਆਫ ਕੀਤੀ ਜਾਵੇ। ਨਿਗਮ ਵੱਲੋਂ ਇਹ ਪੱਤਰ ਪੰਜਾਬ ਸਰਕਾਰ ਨੂੰ ਵਿਚਾਰ ਲਈ ਭੇਜਿਆ ਜਾ ਚੁੱਕਾ ਹੈ।
ਖੰਨਾ ਪੁਲਸ ਵਲੋਂ 2 ਵਿਅਕਤੀਆਂ ਤੋਂ 20 ਲੱਖ ਦੀ ਕਰੰਸੀ ਬਰਾਮਦ
NEXT STORY