ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਕੋਲੋਂ 20 ਡਾਲਰ ਦੀ ਫੀਸ ਵਸੂਲਣ 'ਤੇ ਅੜੇ ਪਾਕਿਸਤਾਨ ਦੀ ਨਿੰਦਾ ਕੀਤੀ ਹੈ। ਹਰਸਿਮਰਤ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 20 ਡਾਲਰ ਪ੍ਰਤੀ ਵਿਅਕਤੀ ਫੀਸ ਲਾਈ ਜਾਣੀ ਘਟੀਆਪਨ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਸ਼ਰਧਾਲੂ ਕਿਵੇਂ ਇਹ ਰਕਮ ਦੇਵੇਗਾ? ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਸ਼ਰਧਾ ਦੇ ਨਾਂ 'ਤੇ ਕਾਰੋਬਾਰ ਕੀਤਾ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਹ ਬਿਆਨ ਬੇਹੱਦ ਸ਼ਰਮਨਾਕ ਹੈ ਕਿ ਇਹ ਫੀਸ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰੇਗੀ ਅਤੇ ਇਸ ਨਾਲ ਵਿਦੇਸ਼ੀ ਮੁਦਰਾ ਪ੍ਰਾਪਤ ਹੋਵੇਗੀ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 20 ਡਾਲਰ ਦੀ ਫੀਸ ਮੰਗਣ 'ਤੇ ਪਾਕਿਸਤਾਨ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਟਿਕਟ ਲੱਗਣ ਦੇ ਬਰਾਬਰ ਹੈ। ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਨੇ ਪਿਛਲੇ ਸਾਲ ਨਵੰਬਰ 'ਚ ਕਰਤਾਰਪੁਰ ਗਲਿਆਰਾ ਬਣਾਉਣ 'ਤੇ ਸਹਿਮਤੀ ਜਤਾਈ ਸੀ। ਇਹ ਗਲਿਆਰਾ ਪਾਕਿਸਤਾਨ 'ਚ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਧਰਮ ਅਸਥਾਨ ਨਾਲ ਜੋੜੇਗਾ।
ਦਾਖਾ ਚੋਣਾਂ 'ਤੇ ਚੋਣ ਕਮਿਸ਼ਨ ਸਖਤ, ਡੀ. ਆਈ. ਜੀ. ਨੂੰ ਦਿੱਤੇ ਐੱਸ. ਐੱਸ. ਪੀ. ਦੇ ਅਧਿਕਾਰ
NEXT STORY