ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ’ਚ ਤਾਇਨਾਤ ਇਕ ਹੌਲਦਾਰ ਨੇ ਸ਼ੱਕੀ ਹਾਲਾਤ ’ਚ ਥਾਣੇ ਦੀ ਉੱਪਰਲੀ ਮੰਜ਼ਿਲ ’ਤੇ ਸਥਿਤ ਆਪਣੇ ਕਮਰੇ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਹੈੱਡ ਕਾਂਸਟੇਬਲ ਦੀ ਪਛਾਣ ਬਲਜਿੰਦਰ ਸਿੰਘ (45) ਵਜੋਂ ਹੋਈ ਹੈ। ਐੱਸ. ਐੱਚ. ਓ. ਇੰਸਪੈਕਟਰ ਮਧੂਬਾਲਾ ਅਨੁਸਾਰ ਬਲਜਿੰਦਰ ਸਿੰਘ ਵਾਸੀ ਪਿੰਡ ਭੋਰਲਾ, (ਖੰਨਾ) ਕਰੀਬ 6 ਮਹੀਨਿਆਂ ਤੋਂ ਥਾਣਾ ਦੁੱਗਰੀ ਵਿਖੇ ਤਾਇਨਾਤ ਸੀ ਅਤੇ ਥਾਣੇ ਦੀ ਉੱਪਰਲੀ ਮੰਜ਼ਿਲ ’ਤੇ ਰਹਿੰਦਾ ਸੀ।
ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਉੱਠਿਆ ਅਤੇ ਆਪਣੇ ਸਾਥੀ ਮੁਲਾਜ਼ਮਾਂ ਨਾਲ ਗੱਲ ਕੀਤੀ। ਕਰੀਬ ਸਾਢੇ 9 ਵਜੇ ਸਾਥੀ ਮੁਲਾਜ਼ਮ ਆਪੋ-ਆਪਣੇ ਕੰਮਾਂ ’ਚ ਰੁੱਝ ਗਏ। 15 ਮਿੰਟ ਬਾਅਦ ਦੇਖਿਆ ਤਾਂ ਬਲਜਿੰਦਰ ਨੇ ਫ਼ਾਹਾ ਲਿਆ ਹੋਇਆ ਸੀ, ਜਿਸ ਤੋਂ ਬਾਅਦ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲਸ ਨੇ ਇਸ ਮਾਮਲੇ ’ਚ ਪਤਨੀ ਦਵਿੰਦਰ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਬਲਜਿੰਦਰ ਸਿੰਘ ਸਾਲ 2000 ’ਚ ਪੁਲਸ ਵਿਭਾਗ ’ਚ ਭਰਤੀ ਹੋਇਆ ਸੀ ਅਤੇ ਉਸ ਦੇ 2 ਬੱਚੇ ਹਨ।
ਲੁਧਿਆਣਾ 'ਚ ਪੁਲਸ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਟਿਕਾਣਿਆਂ 'ਤੇ ਵੱਡੀ ਛਾਪੇਮਾਰੀ (ਤਸਵੀਰਾਂ)
NEXT STORY