ਲੁਧਿਆਣਾ (ਸੰਜੇ ਗਰਗ, ਵਿੱਕੀ) : ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ ਸਟਾਫ਼ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ ਬੁਨਿਆਦੀ ਢਾਂਚੇ (ਇੰਫਰਾਸਟਰੱਕਚਰ) ’ਚ ਸੁਧਾਰ ਲਿਆਉਣ ਅਤੇ ਹੋਰ ਕਮੀਆਂ ਨੂੰ ਦੂਰ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਜਲਦ ਹੀ ਸਿਹਤ ਪਾਲਿਸੀ ਲਿਆਂਦੀ ਜਾ ਰਹੀ ਹੈ। ਇਸ ਨਾਲ ਸਿਹਤ ਸਹੂਲਤਾਂ ’ਚ ਵੱਡੇ ਸੁਧਾਰ ਹੋਣ ਨਾਲ ਆਮ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਇਹ ਸ਼ਬਦ ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ, ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਵਲ ਹਸਪਤਾਲ ਸਮਰਾਲਾ ਦਾ ਦੌਰਾ ਕਰਨ ਉਪਰੰਤ ਗੱਲ ਕਰਦਿਆਂ ਕਹੇ।
ਇਹ ਵੀ ਪੜ੍ਹੋ : ਮਾਂ ਦੇ ਵਿਯੋਗ ਨੇ ਪੁੱਤ ਨੂੰ ਕੀਤਾ ਹਾਲੋਂ-ਬੇਹਾਲ, ਅਖ਼ੀਰ 'ਚ ਚੁੱਕ ਲਿਆ ਖ਼ੌਫ਼ਨਾਕ ਕਦਮ
ਇਸ ਮੌਕੇ ’ਤੇ ਉਨ੍ਹਾਂ ਨਾਲ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਅਤੇ ਡਾਇਰੈਕਟਰ ਸਿਹਤ ਪਰਿਵਾਰ ਕਲਿਆਣ ਵਿਭਾਗ ਪੰਜਾਬ ਡਾ. ਰਣਜੀਤ ਸਿੰਘ ਵੀ ਮੌਜੂਦ ਸਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ’ਚ ਉਕਤ ਕਮੀਆਂ ਨੂੰ ਦੂਰ ਕਰਨ ਲਈ ਬੀਤੇ ਦਿਨੀਂ ਸੂਬੇ ਦੇ ਸਾਰੇ ਸਿਵਲ ਸਰਜਨ ਨਾਲ ਹੋਈ ਮੀਟਿੰਗ ’ਚ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਸਬੰਧ ਵਿਚ ਜ਼ਰੂਰੀ ਫੰਡ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦੀ ਵਿਜ਼ਿਟ ਦੌਰਾਨ ਉਹ ਮਰੀਜ਼ਾਂ ਨਾਲ ਵੀ ਸੰਪਰਕ ਕਰ ਰਹੇ ਹਨ ਤਾਂ ਕਿ ਜ਼ਰੂਰੀ ਸੁਧਾਰਾਂ ਨੂੰ ਸੰਯੋਜਿਤ ਢੰਗ ਨਾਲ ਅਮਲੀ ਜਾਮਾ ਪਹਿਨਾਇਆ ਜਾ ਸਕੇ।
ਇਹ ਵੀ ਪੜ੍ਹੋ : ਵਜ਼ੀਫਾ ਘਪਲੇ ਬਾਰੇ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ, ਕਰ ਸਕਦੀ ਹੈ ਸਖ਼ਤ ਕਾਰਵਾਈ
ਪੰਜਾਬ ਸਰਕਾਰ ਸਿਹਤ ਸੁਵਿਧਾਵਾਂ ਦੇ ਖੇਤਰ 'ਚ ਵੱਡੇ ਪੱਧਰ ’ਤੇ ਸੁਧਾਰ ਲਿਆਉਣ ਲਈ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਸਿਹਤ ਪਾਲਿਸੀ ਲਿਆਉਣ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਅਤੇ ਸਬ-ਡਵੀਜ਼ਨ ਪੱਧਰ ਦੇ ਹਸਪਤਾਲਾਂ ਆਦਿ ਦਾ ਦੌਰਾ ਕਰ ਕੇ ਜ਼ਮੀਨੀ ਹਕੀਕਤ ਜਾਣੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਸੁਵਿਧਾ ਅਨੁਸਾਰ ਅਗਲੇ ਕਦਮ ਚੁੱਕੇ ਜਾ ਸਕਣ। ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਅੰਦਰ ਅਤੇ ਕੈਂਸਰ ਹਸਪਤਾਲ ਬਣਾਉਣ ਅਤੇ ਡਾਇਲਸੈੱਸ ਯੂਨਿਟ ਸਥਾਪਿਤ ਕਰਨ ਦੀ ਬੇਹੱਦ ਲੋੜ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਸਾਰਥਕ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪਟਿਆਲਾ ਜੇਲ੍ਹ 'ਚ ਨਵਜੋਤ ਸਿੱਧੂ ਦੇ ਸਾਥੀ ਕੈਦੀਆਂ ਨਾਲ ਝਗੜੇ 'ਤੇ ਜੇਲ੍ਹ ਮੰਤਰੀ ਨੇ ਆਖੀ ਇਹ ਗੱਲ
ਪ੍ਰਸਤਾਵਿਤ ਮੁਹੱਲਾ ਕਲੀਨਿਕਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਹਤ ਸੁਧਾਰਾਂ ਦੇ ਖੇਤਰ 'ਚ ਚੰਗੀ ਸ਼ੁਰੂਆਤ ਹੋ ਚੁੱਕੀ ਅਤੇ ਥੋੜ੍ਹੇ ਇੰਤਜ਼ਾਰ ਉਪਰੰਤ ਪੰਜਾਬ ਵਾਸੀਆਂ ਨੂੰ ਬਹੁਤ ਹੀ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਖੰਨਾ ਅਮਰਜੀਤ ਬੈਂਸ, ਉਪ ਮੰਡਲ ਮਜਿਸਟਰੇਟ ਕੁਲਦੀਪ ਬਾਵਾ, ਸਿਵਲ ਸਰਜਨ ਲੁਧਿਆਣਾ ਡਾ. ਐੱਸ. ਪੀ. ਸਿੰਘ, ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਸਿੰਘ ਆਦਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਟਿਆਲਾ ਜੇਲ੍ਹ 'ਚ ਨਵਜੋਤ ਸਿੱਧੂ ਦੇ ਸਾਥੀ ਕੈਦੀਆਂ ਨਾਲ ਝਗੜੇ 'ਤੇ ਜੇਲ੍ਹ ਮੰਤਰੀ ਨੇ ਆਖੀ ਇਹ ਗੱਲ
NEXT STORY